ਗੈਂਗਸਟਰ ਸੁੱਖਾ ਕਾਹਲਵਾਂ ਗੈਂਗ ਦੇ 3 ਮੈਂਬਰ ਚੜ੍ਹੇ ਪੁਲਸ ਅੜਿੱਕੇ, ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ

Sunday, Feb 12, 2023 - 01:08 AM (IST)

ਜਲੰਧਰ (ਸ਼ੋਰੀ) : ਦਿਹਾਤੀ ਕ੍ਰਾਈਮ ਬ੍ਰਾਂਚ ਦੀ ਪੁਲਸ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਗਿਰੋਹ ਦੇ 3 ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਤਿੰਨੋਂ ਮੁਲਾਜ਼ਮ ਬੈਂਕ ਡਕੈਤੀ ਜਾਂ ਏ. ਟੀ. ਐੱਮ. ਲੁੱਟਣ ਦੀ ਫਿਰਾਕ ’ਚ ਸਨ। ਐੱਸ. ਐੱਸ. ਪੀ. ਦਿਹਾਤੀ ਰੂਪਦੀਪ ਸਿੰਘ ਤੇ ਐੱਸ. ਪੀ. (ਡੀ) ਸਰਬਜੀਤ ਸਿੰਘ ਦੀ ਅਗਵਾਈ ’ਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਵਾਲੀ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਪੁੱਤਰ ਜਸਬੀਰ ਸਿੰਘ ਵਾਸੀ ਜੈਰਾਮਪੁਰ ਜ਼ਿਲ੍ਹਾ ਕਪੂਰਥਲਾ ਆਪਣੇ ਸਾਥੀ ਤਲਜਿੰਦਰ ਸਿੰਘ ਸਮੇਤ ਉਰਫ ਮੇਹਰ ਲਖਨ ਪੁੱਤਰ ਯਸ਼ਪਾਲ ਸਿੰਘ ਵਾਸੀ ਪਿੰਡ ਲੱਖਣ ਕਲਾਂ ਜ਼ਿਲ੍ਹਾ ਕਪੂਰਥਲਾ, ਸੁਖਪਾਲ ਸਿੰਘ ਉਰਫ਼ ਮੰਗਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੱਤੜ ਖੁਰਦ ਜਲੰਧਰ ਨੇ ਮਿਲ ਕੇ ਗੈਂਗ ਬਣਾਈ ਹੋਈ ਹੈ। ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਤੇ ਤੇਜ਼ਧਾਰ ਹਥਿਆਰ ਵੀ ਹਨ। ਉਕਤ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਤੋਂ ਹੈਰੋਇਨ ਲਿਆ ਕੇ ਵੇਚਦੇ ਸਨ ਪਤੀ-ਪਤਨੀ , ਡਰਗ ਮਨੀ ਸਣੇ ਚੜ੍ਹੇ ਪੁਲਸ ਅੜਿੱਕੇ

ਇੰਚਾਰਜ ਪੁਸ਼ਪਵਾਲੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ, ਤਲਜਿੰਦਰ ਸਿੰਘ ਤੇ ਸੁਖਪਾਲ ਸਿੰਘ ਕਰਤਾਰਪੁਰ-ਕਪੂਰਥਲਾ ਰੋਡ ’ਤੇ ਬੈਂਕ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਫਿਰਾਕ ’ਚ ਹਨ। ਉਨ੍ਹਾਂ ਦੇ ਸਾਥੀ ਵਿੱਕੀ ਤੇ ਨਲੀ ਨੇ ਗੱਡੀ ਲੈ ਕੇ ਆਉਣਾ ਹੈ ਤੇ ਉਹ ਉਸ ਦੀ ਉਡੀਕ ਕਰ ਰਹੇ ਹਨ। ਉਕਤ ਦੋਸ਼ੀਆਂ ਨੇ ਵਿਦੇਸ਼ ’ਚ ਬੈਠੇ ਸੁਖਬੀਰ ਸਿੰਘ ਉਰਫ ਸੋਖੀ ਪੁੱਤਰ ਲਖਬੀਰ ਸਿੰਘ ਵਾਸੀ ਪੱਤੜ ਖੁਰਦ ਹਾਲ ਅਮਰੀਕਾ ਵਾਸੀ ਵੱਲੋਂ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੜ ਖੁਰਦ ’ਤੇ ਹਮਲਾ ਕਰਨ ਦੀ ਸੁਪਾਰੀ ਲਈ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਥਾਣਾ ਕਰਤਾਰਪੁਰ ’ਚ ਕੇਸ ਦਰਜ ਕੀਤਾ।

PunjabKesari

ਇੰਚਾਰਜ ਪੁਸ਼ਪਵਾਲੀ ਨੇ ਦੱਸਿਆ ਕਿ ਪੁਲਸ ਨੇ ਗੈਂਗ ਦੇ ਮੈਂਬਰ ਗੁਰਪ੍ਰੀਤ, ਤਲਜਿੰਦਰ ਤੇ ਸੁਖਪਾਲ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 32 ਬੋਰ ਦਾ 1 ਦੇਸੀ ਪਿਸਤੌਲ, 2 ਜ਼ਿੰਦਾ ਕਾਰਤੂਸ ਤੇ 2 ਦਾਤਰ ਵੀ ਬਰਾਮਦ ਕੀਤੇ ਹਨ। ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਗੋਪੀ ਨਿੱਝਰ ਸੁੱਖਾ ਕਾਹਲਵਾਂ ਦਾ ਕਾਫੀ ਕਰੀਬੀ ਸੀ ਤੇ ਉਸ ਦੇ ਕਤਲ ਦਾ ਚਸ਼ਮਦੀਦ ਗਵਾਹ ਵੀ ਸੀ। ਉਸ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਇਹ ਗੈਂਗ ਚਲਾਉਂਦਾ ਸੀ। ਇਸ ਦੇ ਨਾਲ ਹੀ ਉਹ ਸੁੱਖਾ ਕਾਹਲਵਾਂ ਦੀ ਫੋਟੋ ਫੇਸਬੁੱਕ ’ਤੇ ਅਪਲੋਡ ਕਰ ਕੇ ਦਹਿਸ਼ਤ ਫੈਲਾਉਂਦਾ ਸੀ। ਪੁਲਸ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ।

ਚਚੇਰੇ ਭਰਾ ਨੂੰ ਮਾਰਨ ਲਈ 2 ਲੱਖ ’ਚ ਹੋਇਆ ਸੀ ਸੌਦਾ ਤੈਅ : ਐੱਸ. ਐੱਸ. ਪੀ. ਸਵਨਦੀਪ ਸਿੰਘ

ਦੂਜੇ ਪਾਸੇ ਇਸ ਮਾਮਲੇ ’ਚ ਐੱਸ. ਐੱਸ. ਪੀ. ਸਵਰਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਮਾਮਲੇ ਨੂੰ ਟਰੇਸ ਕਰਨ ਲਈ ਹਰ ਐਂਗਲ ਤੋਂ ਡੂੰਘਾਈ ਨਾਲ ਜਾਂਚ ਕੀਤੀ ਤੇ ਸਮੇਂ-ਸਮੇਂ ’ਤੇ ਪੂਰੇ ਮਾਮਲੇ ਦੀ ਰਿਪੋਰਟ ਲੈਂਦੀ ਰਹੀ। ਪੁਲਸ ਜਾਂਚ ’ਚ ਇਹ ਵੀ ਪਤਾ ਲੱਗਾ ਕਿ ਤਲਜਿੰਦਰ ਸਿੰਘ ਦਾ ਦੋਸਤ ਸੁਖਵੀਰ ਸਿੰਘ, ਜੋ ਕਿ ਅਮਰੀਕਾ ’ਚ ਰਹਿੰਦਾ ਹੈ, ਉਸ ਨਾਲ ਦੋਸਤੀ ਸੀ। ਸੁਖਵੀਰ ਸਿੰਘ ਦਾ ਆਪਣੇ ਚਚੇਰੇ ਭਰਾ ਦਲਜੀਤ ਸਿੰਘ ਵਾਸੀ ਪੱਤੜ ਖੁਰਦ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਬਸਤਿਆਂ ਦੇ ਬੋਝ ਤੋਂ ਮੁਕਤ ਹੋਵੇਗਾ ਬਚਪਨ, ਸਰਕਾਰ ਸਕੂਲੀ ਬੱਚਿਆਂ ਲਈ ਚੁੱਕਣ ਜਾ ਰਹੀ ਅਹਿਮ ਕਦਮ

ਇਸ ਦੀ ਰੰਜਿਸ਼ ਕੱਢਣ ਲਈ ਸੁਖਵੀਰ ਸਿੰਘ ਨੇ ਤਲਜਿੰਦਰ ਨੂੰ ਸੁਪਾਰੀ ਦਿੱਤੀ ਤੇ ਸੌਦਾ 2 ਲੱਖ ’ਚ ਹੋਇਆ। ਐਡਵਾਂਸ ਤਲਜਿੰਦਰ ਨੂੰ 40,000 ਦਿੱਤੇ ਤੇ ਬਾਕੀ ਪੈਸੇ ਤਲਜਿੰਦਰ ਨੂੰ ਦਲਜੀਤ ’ਤੇ ਹਮਲੇ ਦੌਰਾਨ ਬਣਾਈਆਂ ਵੀਡੀਓਜ਼ ਦੇ ਕੇ ਮਿਲਣੇ ਸਨ। ਤਲਜਿੰਦਰ ਨੇ ਅੱਗੇ ਸੁੱਖਾ ਕਾਹਲਵਾਂ ਦੀ ਗੈਂਗ ਗੋਪੀ ਨੂੰ ਸੁਪਾਰੀ ਦਿੱਤੀ। ਦਲਜੀਤ ਸਿੰਘ ਨੂੰ ਮਾਰਨ ਤੋਂ ਪਹਿਲਾਂ ਸੁਖਪਾਲ ਨੇ ਰੇਕੀ ਦਾ ਕੰਮ ਕਰਨਾ ਸੀ ਤੇ ਬਦਲੇ ’ਚ 25 ਹਜ਼ਾਰ ਰੁਪਏ ਉਸ ਦੇ ਖਾਤੇ ’ਚ ਜਮ੍ਹਾ ਕਰਵਾਉਣੇ ਸਨ। ਸੁਖਪਾਲ ਨੇ ਰੇਕੀ ਕਰ ਕੇ ਜਾਣਕਾਰੀ ਵੀ ਗੋਪੀ ਨੂੰ ਦੇ ਦਿੱਤੀ ਕਿ ਦਲਜੀਤ ਸਿੰਘ ਸਵੇਰੇ ਕਰੀਬ 9 ਵਜੇ ਦੁੱਧ ਲੈਣ ਜਾਂਦਾ ਹੈ। ਯੋਜਨਾ ਅਨੁਸਾਰ ਗੋਪੀ, ਤਲਜਿੰਦਰ, ਵਿੱਕੀ ਤੇ ਨਲੀ ਨੇ ਮਿਲ ਕੇ ਦਲਜੀਤ ਨੂੰ ਮਾਰਨਾ ਸੀ। ਐੱਸ. ਐੱਸ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਟੀਮ ਨੇ ਕਤਲ ਹੋਣ ਤੋਂ ਪਹਿਲਾਂ ਹੀ ਕੇਸ ਟਰੇਸ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਠੋਸ ਸਬੂਤ ਇਕੱਠੇ ਕਰ ਰਹੀ ਹੈ।


Mandeep Singh

Content Editor

Related News