ਪੰਜਾਬ ’ਚ ਕੋਵਿਡ ਟੀਕਾਕਰਨ ਦੀਆਂ 3 ਲੱਖ ਡੋਜ਼ ਬਾਕੀ, ਰੋਜ਼ਾਨਾ ਇਕ ਲੱਖ ਟੀਕਿਆਂ ਦੀ ਲੋੜ : ਵਿੰਨੀ ਮਹਾਜਨ
Tuesday, Apr 20, 2021 - 12:52 AM (IST)
ਜਲੰਧਰ, (ਧਵਨ)- ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਹੈ ਕਿ ਪੰਜਾਬ ਵਿਚ ਕੋਵਿਡ ਟੀਕਾਕਰਨ ਦੀਆਂ 3 ਲੱਖ ਡੋਜ਼ ਬਾਕੀ ਬਚੀਆਂ ਹਨ ਅਤੇ ਸੂਬੇ ਵਿਚ ਰੋਜ਼ਾਨਾ ਇਕ ਲੱਖ ਟੀਕਿਆਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਕੋਵਿਡ ਦੀ ਸਥਿਤੀ ਨੂੰ ਦੇਖਦਿਆਂ ਟੀਕਾਕਰਨ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ। ਸੂਬੇ ਵਿਚ 3 ਦਿਨਾਂ ’ਚ 3 ਲੱਖ ਡੋਜ਼ ਲੱਗਣ ਤੋਂ ਬਾਅਦ ਸਟਾਕ ਖਤਮ ਹੋਵੇਗਾ ਪਰ ਕੇਂਦਰ ਸਰਕਾਰ ਨਾਲ ਪੰਜਾਬ ਨੇ ਸੰਪਰਕ ਕੀਤਾ ਹੈ। ਕੇਂਦਰ ਵਲੋਂ ਨਵੇਂ ਟੀਕੇ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਕਸੀਜਨ ਦੀ ਸਪਲਾਈ ਬਣਾਈ ਰੱਖਣ ਦੇ ਉਦੇਸ਼ ਨਾਲ ਕੇਂਦਰ ਤੋਂ ਸਹਿਯੋਗ ਮੰਗਿਆ ਗਿਆ ਹੈ। ਆਸ ਹੈ ਕਿ ਅਗਲੇ 2-3 ਦਿਨਾਂ ਵਿਚ ਕੋਵਿਡ ਵੈਕਸੀਨ ਦੀ ਲੋੜੀਂਦੀ ਮਾਤਰਾ ਪੰਜਾਬ ਨੂੰ ਮਿਲ ਜਾਵੇਗੀ ਅਤੇ ਆਕਸੀਜਨ ਦੀ ਸਪਲਾਈ ਵੀ ਹੋਣੀ ਸ਼ੁਰੂ ਹੋ ਜਾਵੇਗੀ।
ਵਿੰਨੀ ਨੇ ਕਿਹਾ ਕਿ ਪੰਜਾਬ ’ਚ ਕੋਵਿਡ ਸਬੰਧੀ ਸਥਿਤੀ ਹੋਰਨਾਂ ਸੂਬਿਆਂ ਨਾਲੋਂ ਚੰਗੀ ਹੈ ਪਰ ਫਿਰ ਵੀ ਅਸੀਂ ਸਾਵਧਾਨੀਆਂ ਰੱਖਣੀਆਂ ਹਨ। ਉਨ੍ਹਾਂ ਮੰਨਿਆ ਕਿ ਦੂਜੀ ਲਹਿਰ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤੁਰੰਤ ਆਪਣਾ ਇਲਾਜ ਡਾਕਟਰ ਤੋਂ ਕਰਵਾਉਣਾ ਚਾਹੀਦਾ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗੇ ਕਿ ਕੋਰੋਨਾ ਦਾ ਕੋਈ ਵੀ ਲੱਛਣ ਉਨ੍ਹਾਂ ਵਿਚ ਦੇਖਿਆ ਜਾ ਰਿਹਾ ਹੈ।