ਦੇਸੀ ਪਿਸਤੌਲ ਤੇ ਦਾਤਰ ਸਣੇ 3 ਅੜਿੱਕੇ

09/11/2017 6:25:34 AM

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਬਖਤਾਵਰ, ਭਾਟੀਆ)-  ਥਾਣਾ ਝਬਾਲ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਲਾਕੇ ਅੰਦਰ ਲੁੱਟ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਾਈਕਰ ਗੈਂਗ ਦੇ 3 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਗੈਂਗ ਦੇ ਦੋ ਲੋਕ ਅਜੇ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। ਪੁਲਸ ਨੇ 5 ਦੋਸ਼ੀਆਂ ਨੂੰ ਨਾਮਜ਼ਦ ਕਰਦਿਆਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮੁਖੀ ਝਬਾਲ ਹਰਿਤ ਸ਼ਰਮਾ ਨੇ ਦੱਸਿਆ ਏ. ਐੱਸ. ਆਈ. ਨਰਿੰਦਰ ਸਿੰਘ ਨੇ ਅੱਡਾ ਮੰਨਣ ਸਥਿਤ ਨਾਕਾ ਲਾਇਆ ਹੋਇਆ ਸੀ ਤਾਂ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਵੱਲੋਂ ਸੂਚਨਾ ਦਿੱਤੀ ਕਿ ਇਲਾਕੇ ਅੰਦਰ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਸਰਗਰਮ ਗਿਰੋਹ ਦੇ ਮੈਂਬਰ ਪਿੰਡ ਖੈਰਦੀਨ ਕੇ ਸਥਿਤ ਸਾਂਝ ਕੇਂਦਰ ਦੇ ਪਿੱਛੇ ਬੈਠੇ ਹੋਏ ਹਨ ਅਤੇ ਜੇਕਰ ਛਾਪਾ ਮਾਰਿਆ ਜਾਵੇ ਤਾਂ ਉਕਤ ਮੁਲਜ਼ਮ ਕਾਬੂ ਆ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਸੂਚਨਾ ਪੱਕੀ ਹੋਣ ਕਰ ਕੇ ਪੁਲਸ ਵੱਲੋਂ ਜਦੋਂ ਉਕਤ ਦੱਸੀ ਗਈ ਜਗ੍ਹਾ 'ਤੇ ਛਾਪਾ ਮਾਰਿਆ ਗਿਆ ਤਾਂ ਤਿੰਨ ਲੋਕਾਂ ਨੂੰ ਮੌਕੇ ਉਪਰ ਹੀ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਰਮਨਦੀਪ ਸਿੰਘ ਉਰਫ ਰਮਨ ਪੁੱਤਰ ਬਲਜੀਤ ਸਿੰਘ ਵਾਸੀ ਬਹੋੜੂ, ਬਲਵਿੰਦਰ ਸਿੰਘ ਉਰਫ ਮਿੱਠੂ ਪੁੱਤਰ ਕੁਲਵੰਤ ਸਿੰਘ ਵਾਸੀ ਘਰਿਆਲਾ ਤੇ ਬਚਿੱਤਰ ਸਿੰਘ ਉਰਫ ਭੋਲਾ ਪੁੱਤਰ ਰਣਜੀਤ ਸਿੰਘ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਗੈਂਗ ਦੇ ਦੋ ਹੋਰ ਮੈਂਬਰਾਂ ਜੀਵਨ ਸਿੰਘ ਵਾਸੀ ਢੰਡ ਅਤੇ ਸਾਬ੍ਹੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਾਘਣਾ ਕਾਲੋਨੀ ਬਹੋੜੂ ਨੂੰ ਵੀ ਇਨ੍ਹਾਂ ਨਾਲ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।  ਥਾਣਾ ਮੁਖੀ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਦੋਸ਼ੀਆਂ ਕੋਲੋਂ ਇਕ ਦੇਸੀ ਪਿਸਤੌਲ, ਇਕ ਦਾਤਰ ਸਮੇਤ ਲਾਲ ਮਿਰਚਾਂ ਦਾ ਪਾਊਡਰ ਅਤੇ ਇਕ ਪਲਸਰ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਥਾਣਾ ਮੁਖੀ ਅਨੁਸਾਰ 5 ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ।


Related News