ਸੜਕ ਪਾਰ ਕਰ ਰਹੀ ਔਰਤ ਸਮੇਤ 3 ਬੱਚੀਆਂ ਨੂੰ ਇਨੋਵਾ ਨੇ ਮਾਰੀ ਟੱਕਰ, 6 ਸਾਲਾਂ ਬੱਚੀ ਦੀ ਮੌਤ

Wednesday, Oct 14, 2020 - 01:07 AM (IST)

ਸੜਕ ਪਾਰ ਕਰ ਰਹੀ ਔਰਤ ਸਮੇਤ 3 ਬੱਚੀਆਂ ਨੂੰ ਇਨੋਵਾ ਨੇ ਮਾਰੀ ਟੱਕਰ, 6 ਸਾਲਾਂ ਬੱਚੀ ਦੀ ਮੌਤ

ਬਟਾਲਾ, (ਬੇਰੀ, ਜ. ਬ.)- ਅੱਜ ਸ਼ਾਮ ਸਮੇਂ ਅੱਡਾ ਅੰਮੋਨੰਗਲ ਵਿਖੇ ਉਸ ਸਮੇਂ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਦ 3 ਬੱਚੀਆਂ ਸਮੇਤ ਸੜਕ ਪਾਰ ਕਰ ਰਹੀ ਔਰਤ ਨੂੰ ਤੇਜ਼ ਰਫਤਾਰ ਇਨੋਵਾ ਨੇ ਆਪਣੀ ਲਪੇਟ ਵਿਚ ਲੈਂਦੇ ਹੋਏ ਟੱਕਰ ਮਾਰ ਦਿੱਤੀ, ਜਿਸਦੇ ਚਲਦਿਆਂ ਇਕ 6 ਸਾਲਾਂ ਬੱਚੀ ਦੀ ਮੌਤ ਹੋਣ ਦੇ ਨਾਲ-ਨਾਲ ਹੋਰ 2 ਬੱਚੀਆਂ ਅਤੇ ਔਰਤ ਦੇ ਗੰਭੀਰ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਪਤਨੀ ਮਹਿਤਾਬ ਸਿੰਘ ਵਾਸੀ ਮੰਨਣ ਆਪਣੀ 2 ਬੱਚੀਆਂ ਤਨਵੀਰ ਕੌਰ (6) ਅਤੇ ਸੁਮਨ ਕੌਰ (5) ਅਤੇ ਇਕ ਗੁਆਂਢੀ ਦੀ ਬੱਚੀ ਹਰਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ ਨਾਲ ਬਟਾਲਾ-ਜਲੰਧਰ ਮੁੱਖ ਮਾਰਗ ’ਤੇ ਸਥਿਤ ਅੱਡਾ ਅੰਮੋਨੰਗਲ ਵਿਚ ਖੜ੍ਹੀ ਸੀ ਕਿ ਇਸੇ ਦੌਰਾਨ ਜਦ ਮੁੱਖ ਮਾਰਗ ਤੋਂ ਟਰੱਕ ਲੰਘ ਗਿਆ ਤਾਂ ਉਕਤ ਔਰਤ ਤਿੰਨੇ ਬੱਚੀਆਂ ਨਾਲ ਸੜਕ ਪਾਰ ਕਰ ਕੇ ਦੂਜੇ ਪਾਸੇ ਜਾਣ ਲੱਗੀ ਤਾਂ ਮਹਿਤਾ ਸਾਈਡ ਤੋਂ ਆ ਰਹੀ ਇਕ ਚਿੱਟੇ ਰੰਗ ਦੀ ਇਨੋਵਾ ਪੀ. ਬੀ. 13 ਬੀ. ਐੱਚ.7754, ਜਿਸਨੂੰ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ, ਨੇ ਉਕਤ ਔਰਤ ਅਤੇ ਬੱਚੀਆਂ ਨੂੰ ਆਪਣੀ ਲਪੇਟ ਲੈ ਲਿਆ, ਜਿਸ ਕਾਰਣ 6 ਸਾਲਾਂ ਤਨਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਕਤ ਔਰਤ ਸਮੇਤ ਬਾਕੀ ਦੋਵੇਂ ਬੱਚੀਆਂ ਗੰਭੀਰ ਜ਼ਖਮੀ ਹੋ ਗਈਆਂ।

ਇਹ ਵੀ ਪਤਾ ਚਲਿਆ ਹੈ ਕਿ ਉਕਤ ਸਾਰਿਆਂ ਨੂੰ ਇਨੋਵਾ ਦਾ ਉਕਤ ਚਾਲਕ ਹੀ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲੈ ਕੇ ਆਇਆ ਅਤੇ ਉਨ੍ਹਾਂ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ ਅਤੇ ਡਾਕਟਰਾਂ ਨੇ ਜ਼ਖਮੀਆਂ ਦੀ ਹਾਲਤ ਗੰਭੀਰ ਹੁੰਦੇ ਦੇਖ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਕਾਰਣ ਇਨੋਵਾ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।


author

Bharat Thapa

Content Editor

Related News