ਲੁੱਟਮਾਰ ਤੇ ਦੁਕਾਨਾਂ ''ਚੋਂ ਚੋਰੀ ਕਰਨ ਵਾਲੇ 3 ਗੈਂਗਸਟਰ ਗ੍ਰਿਫਤਾਰ, 1 ਫਰਾਰ

Saturday, Jul 22, 2017 - 07:28 AM (IST)

ਲੁੱਟਮਾਰ ਤੇ ਦੁਕਾਨਾਂ ''ਚੋਂ ਚੋਰੀ ਕਰਨ ਵਾਲੇ 3 ਗੈਂਗਸਟਰ ਗ੍ਰਿਫਤਾਰ, 1 ਫਰਾਰ

ਫਗਵਾੜਾ, (ਜਲੋਟਾ)- ਪੁਲਸ ਨੇ ਪਿੰਡ ਪਾਂਸ਼ਟਾ ਦੇ ਕੋਲ ਕੀਤੀ ਨਾਕਾਬੰਦੀ ਦੌਰਾਨ ਲੋਕਾਂ ਤੋਂ ਲੁੱਟਮਾਰ ਤੇ ਦੁਕਾਨਾਂ 'ਚ ਚੋਰੀ ਕਰਨ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ਼ ਕਰਕੇ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨੇ ਐੱਸ. ਐੱਚ. ਓ. ਰਾਵਲਪਿੰਡੀ ਸਿਕੰਦਰ ਸਿੰਘ ਦੀ ਮੌਜੂਦਗੀ 'ਚ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਜਸਪਾਲ ਸਿੰਘ ਪੁੱਤਰ ਬੂਟਾ ਸਿੰਘ, ਗਗਨਦੀਪ ਸਿੰਘ ਪੁੱਤਰ ਰਾਮ ਲੁਭਾਇਆ ਤੇ ਹਰਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਸਾਰੇ ਵਾਸੀ ਪਿੰਡ ਮਜਾਰਾ ਢੀਂਗਰੀਆਂ ਜ਼ਿਲਾ ਹੁਸ਼ਿਆਰਪੁਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਇਕ ਸਾਥੀ ਜਤਿੰਦਰ ਕੁਮਾਰ ਉਰਫ ਬੰਟੀ ਪੁੱਤਰ ਰਾਮ ਲਾਲ ਵਾਸੀ ਮਜਾਰਾ ਢੀਂਗਰੀਆਂ ਜ਼ਿਲਾ ਹੁਸ਼ਿਆਰਪੁਰ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਹੁਣ ਤਕ ਦੀ ਜਾਂਚ 'ਚ ਖੁਲਾਸਾ ਕੀਤਾ ਹੈ ਕਿ ਦੋਸ਼ੀਆਂ ਨੇ ਪਿੰਡ ਪਾਂਸ਼ਟਾ 'ਚ ਸਥਿਤ ਇਕ ਮੋਬਾਇਲ ਦੀ ਦੁਕਾਨ 'ਚ ਬੀਤੇ ਦਿਨੀਂ ਸੰਨ੍ਹ ਮਾਰ ਕੇ ਉਥੋਂ 15 ਕੀਮਤੀ ਮੋਬਾਇਲ, 1 ਡੀ. ਵੀ. ਆਰ. ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ। ਇਸੇ ਤਰਜ਼ 'ਤੇ ਦੋਸ਼ੀ ਗੈਂਗਸਟਰਾਂ ਨੇ ਹੁਸ਼ਿਆਰਪੁਰ ਰੋਡ 'ਤੇ ਇਕ ਛੋਟਾ ਹਾਥੀ ਵਾਹਨ ਚਾਲਕ ਤੋਂ 25000 ਰੁਪਏ ਦੀ ਨਕਦੀ ਲੁੱਟੀ ਸੀ, ਸਰਕਾਰੀ ਸਕੂਲ ਮਾਜਰਾ ਤੋਂ ਗੈਸ ਸਿਲੰਡਰ ਚੋਰੀ ਕੀਤਾ ਸੀ। ਇਸਦੇ ਇਲਾਵਾ ਗੈਂਗਸਟਰਾਂ ਨੇ 2 ਮੋਟਰਸਾਈਕਲਾਂ ਚੋਰੀ ਕੀਤੀਆਂ। ਭੰਡਾਲ ਨੇ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਤੋਂ 15 ਚੋਰੀਸ਼ੁਦਾ ਮੋਬਾਇਲ ਫੋਨ, ਇਕ ਡੀ. ਵੀ. ਆਰ. ਤੇ 2 ਚੋਰੀ ਕੀਤੇ ਮੋਟਰਸਾਇਕਲ ਬਰਾਮਦ ਕੀਤੇ ਹਨ। ਦੋਸ਼ੀਆਂ ਕੋਲੋਂ ਪੁਛਗਿੱਛ ਜਾਰੀ ਹੈ।


Related News