ਜਿਮਖਾਨਾ ਦੇ 3 ਸਾਬਕਾ ਸੈਕਟਰੀਆਂ ਨੇ ਮੌਜੂਦਾ ਸੈਕਟਰੀ ਖਿਲਾਫ ਖੋਲ੍ਹਿਆ ਮੋਰਚਾ, ਪ੍ਰਧਾਨ ਨੂੰ ਲਿਖਿਆ ਪੱਤਰ
Saturday, Aug 29, 2020 - 03:43 PM (IST)
ਜਲੰਧਰ (ਖੁਰਾਣਾ) – ਕੋਰੋਨਾ ਮਹਾਮਾਰੀ ਕਾਰਣ ਜਿਮਖਾਨਾ ਕਲੱਬ ਪਿਛਲੇ ਕਰੀਬ 6 ਮਹੀਨਿਆਂ ਤੋਂ ਬੰਦ ਹੈ ਪਰ ਇਸ ਮਾਹੌਲ ਵਿਚ ਵੀ ਕਲੱਬ ਦਾ ਵਿਵਾਦਾਂ ਤੋਂ ਖਹਿੜਾ ਛੁੱਟਦਾ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਵਿਵਾਦ ਕਲੱਬ ਦੇ ਅਕਾਊਂਟ ਸੈਕਸ਼ਨ ਦੀਆਂ 2 ਮਹਿਲਾ ਕਰਮਚਾਰੀਆਂ ਕਾਰਣ ਪੈਦਾ ਹੋਇਆ ਹੈ, ਜਿਨ੍ਹਾਂ ਨੇ ਆਪਣੇ ਕੰਮ ਵਾਲੇ ਸਥਾਨ ’ਤੇ ਹੋ ਰਹੇ ਸ਼ੋਸ਼ਣ ਖਿਲਾਫ ਸ਼ਿਕਾਇਤ ਪੰਜਾਬ ਵੂਮੈਨ ਕਮਿਸ਼ਨ ਚੰਡੀਗੜ੍ਹ ਤਾਂ ਕਰ ਦਿੱਤੀ ਹੈ, ਉੱਥੇ ਹੀ ਅੱਜ ਜਿਮਖਾਨਾ ਕਲੱਬ ’ਤੇ ਪਿਛਲੇ 16 ਸਾਲ ਤੋਂ ਰਾਜ ਕਰਨ ਵਾਲੇ 3 ਸਾਬਕਾ ਸੈਕਟਰੀਆਂ ਨੇ ਵੀ ਮੌਜੂਦਾ ਆਨਰੇਰੀ ਸੈਕਟਰੀ ਤਰੁਣ ਸਿੱਕਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਦੋਵਾਂ ਮਹਿਲਾ ਕਰਮਚਾਰੀਆਂ ਦੇ ਹੱਕ ਵਿਚ ਡਟ ਕੇ ਤਿੰਨ ਸਾਬਕਾ ਸੈਕਟਰੀਆਂ ਸਤੀਸ਼ ਠਾਕੁਰ ਗੋਰਾ, ਐਡਵੋਕੇਟ ਦਲਜੀਤ ਸਿੰਘ ਛਾਬੜਾ ਅਤੇ ਸੰਦੀਪ ਬਹਿਲ ਕੁੱਕੀ ਨੇ ਅੱਜ ਕਲੱਬ ਪ੍ਰਧਾਨ, ਡਵੀਜ਼ਨਲ ਕਮਿਸ਼ਨਰ ਡਾ. ਰਾਜ ਕਮਲ ਚੌਧਰੀ ਨੂੰ ਇਕ ਪੱਤਰ ਲਿਖਿਆ ਹੈ, ਿਜਸ ਵਿਚ ਮੰਗ ਕੀਤੀ ਗਈ ਹੈ ਕਿ ਮੌਜੂਦਾ ਸੈਕਟਰੀ ਤਰੁਣ ਸਿੱਕਾ ਨੂੰ ਇਸ ਅਹੁਦੇ ਤੋਂ ਹਟਾ ਕੇ ਕਲੱਬ ਵਿਚ ਐਡਮਨਿਸਟ੍ਰੇਟਰ ਨਿਯੁਕਤ ਕੀਤਾ ਜਾਵੇ, ਤਾਂ ਜੋ ਸੈਕਟਰੀ ’ਤੇ ਲੱਗੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਈ ਜਾ ਸਕੇ। ਸੂਤਰਾਂ ਮੁਤਾਬਕ ਉਕਤ ਸੈਕਟਰੀਆਂ ਨੇ ਕਲੱਬ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਕਲੱਬ ਦੇ ਜੀ. ਐੱਮ. ਨੇ ਵੀ ਆਪਣੇ ਸ਼ੋਅਕਾਜ਼ ਨੋਟਿਸ ਦੇ ਜਵਾਬ ਵਿਚ ਸੈਕਟਰੀ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਏ ਹਨ। ਸੈਕਟਰੀ ਨੇ ਦੋਵਾਂ ਮਹਿਲਾ ਕਰਮਚਾਰੀਆਂ ਅਤੇ ਜਨਰਲ ਮੈਨੇਜਰ ਨੂੰ ਬਰਖਾਸਤ ਕਰਨ ਦੀ ਧਮਕੀ ਤੱਕ ਦਿੱਤੀ ਹੈ। ਇਸ ਲਈ ਕਲੱਬ ਪ੍ਰਧਾਨ ਨੂੰ ਮਾਮਲੇ ਵਿਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਤਿੰਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਸਾਬਕਾ ਸੈਕਟਰੀਆਂ ਨੇ ਦੋਵਾਂ ਮਹਿਲਾ ਕਰਮਚਾਰੀਆਂ ਅਤੇ ਜੀ. ਐੱਮ. ਨੂੰ ਈਮਾਨਦਾਰ ਅਤੇ ਿਮਹਨਤੀ ਦੱਸਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਹੋਇਆ ਤਾਂ ਇਹ ਬਦਲਾਖੋਰੀ ਦੀ ਭਾਵਨਾ ਲੱਗੇਗੀ। ਇਸ ਲਈ ਸੈਕਟਰੀ ਨੂੰ ਕਿਸੇ ਵੀ ਤਰ੍ਹਾਂ ਦਾ ਆਰਡਰ ਪਾਸ ਕਰਨ ਤੋਂ ਰੋਕਿਆ ਜਾਵੇ, ਨਹੀਂ ਤਾਂ ਜਿਮਖਾਨਾ ਵਰਗੀ ਇਲੀਟ ਸੰਸਥਾ ਦੀ ਨਾ ਸਿਰਫ ਬਦਨਾਮ ਹੋਵੇਗੀ, ਸਗੋਂ 4000 ਤੋਂ ਵੱਧ ਮੈਂਬਰਾਂ ਵਿਚ ਵੀ ਇਸ ਵਿਵਾਦ ਦਾ ਗਲਤ ਪ੍ਰਭਾਵ ਜਾਵੇਗਾ।
ਐਕਸਟਰਾ ਆਰਡਨਰੀ ਜਨਰਲ ਬਾਡੀ ਮੀਟਿੰਗ ਬੁਲਾਈ ਜਾਵੇ
ਸਾਬਕਾ ਸੈਕਟਰੀਆਂ ਸਤੀਸ਼ ਠਾਕੁਰ ਗੋਰਾ, ਐਡਵੋਕੇਟ ਦਲਜੀਤ ਸਿੰਘ ਛਾਬੜਾ ਅਤੇ ਕੁੱਕੀ ਬਹਿਲ ਨੇ ਕਲੱਬ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਸੈਕਟਰੀ ’ਤੇ ਲੱਗੇ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਤੁਰੰਤ ਕਲੱਬ ਦੀ ਐਕਸਟਰਾ ਆਰਡਨਰੀ ਜਨਰਲ ਬਾਡੀ ਮੀਟਿੰਗ ਬੁਲਾਈ ਜਾਵੇ ਅਤੇ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਹ ਉਦੋਂ ਹੀ ਸੰਭਵ ਹੈ ਜਦੋਂ ਤਰੁਣ ਸਿੱਕਾ ਨੂੰ ਸੈਕਟਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਕਲੱਬ ਵਿਚ ਐਡਮਨਿਸਟ੍ਰੇਟਿਵ ਨਿਯੁਕਤ ਕੀਤਾ ਜਾਵੇ। ਸਾਬਕਾ ਸੈਕਟਰੀਆਂ ਨੇ ਕਲੱਬ ਪ੍ਰਧਾਨ ਨੂੰ ਇਹ ਵੀ ਲਿਖਿਆ ਹੈ ਕਿ ਤਾਜ਼ਾ ਵਿਵਾਦ ਦੇ ਮਾਮਲੇ ਵਿਚ ਕਈ ਮੈਂਬਰ ਉਨ੍ਹਾਂ ਨੂੰ ਮਿਲ ਕੇ ਚਰਚਾ ਕਰਨੀ ਚਾਹੁੰਦੇ ਹਨ।
ਜਿਮਖਾਨਾ ਕਲੱਬ ਨੂੰ ਜਾਰੀ ਹੋਇਆ ਨੋਟਿਸ
ਇਸ ਦੌਰਾਨ ਪਤਾ ਲੱਗਾ ਹੈ ਕਿ ਜਿਮਖਾਨਾ ਕਲੱਬ ਦੇ ਅਕਾਊਂਟ ਵਿਭਾਗ ਦੀ ਸੁਪਰਡੈਂਟ ਬਬੀਤਾ ਠਾਕੁਰ ਅਤੇ ਅਕਾਊਂਟੈਂਟ ਨੇਹਾ ਰਾਣੀ ਜਿਮਖਾਨਾ ਮੈਨੇਜਮੈਂਟ ਵਲੋਂ ਆਪਣੇ ਵਿਰੁੱਧ ਸੰਭਾਵਿਤ ਕਾਰਵਾਈ ਨੂੰ ਦੇਖਦਿਆਂ ਸਥਾਨਕ ਅਦਾਲਤ ਦੀ ਸ਼ਰਨ ਵਿਚ ਪਹੁੰਚ ਗਈਆਂ ਹਨ। ਅਦਾਲਤ ਵਿਚ ਪਾਈ ਪਟੀਸ਼ਨ ਵਿਚ ਦੋਵਾਂ ਨੇ ਕਲੱਬ ਵਲੋਂ ਜਾਰੀ ਕਾਰਣ ਦੱਸੋ ਨੋਟਿਸ ਦਾ ਹਵਾਲਾ ਦਿੱਤਾ ਹੈ ਅਤੇ ਸਟੇਅ ਆਰਡਰ ਦੀ ਮੰਗ ਕੀਤੀ ਹੈ ਪਰ ਅਦਾਲਤ ਨੇ ਸਟੇਅ ਆਰਡਰ ਤਾਂ ਨਹੀਂ ਦਿੱਤਾ, ਜਦਕਿ ਜਿਮਖਾਨਾ ਕਲੱਬ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਅਦਾਲਤ ਦੇ ਪ੍ਰਤੀਨਿਧੀ ਨੇ ਅੱਜ ਕਲੱਬ ਜਾ ਕੇ ਸੈਕਟਰੀ ਤਰੁਣ ਸਿੱਕਾ ਨੂੰ ਇਸ ਕੇਸ ਦੇ ਮਾਮਲੇ ਵਿਚ ਨੋਟਿਸ ਵੀ ਸਰਵ ਕਰ ਦਿੱਤਾ ਹੈ।
ਕਲੱਬ ਮੈਨੇਜਮੈਂਟ ਨੇ ਦੋਵਾਂ ਮਹਿਲਾ ਕਰਮਚਾਰੀਆਂ ਨੂੰ ਕੀਤਾ ਟਰਮੀਨੇਟ
ਇਸ ਦੌਰਾਨ ਅੱਜ ਜਿਮਖਾਨਾ ਮੈਨੇਜਮੈਂਟ ਨੇ ਅਕਾਊਂਟ ਸੈਕਸ਼ਨ ਦੀ ਸੁਪਰਡੈਂਟ ਬਬੀਤਾ ਠਾਕੁਰ ਅਤੇ ਨੇਹਾ ਰਾਣੀ ਨੂੰ ਨੌਕਰੀ ਤੋਂ ਟਰਮੀਨੇਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਨੂੰ ਲਾਪ੍ਰਵਾਹੀ ਦੇ ਇਕ ਮਾਮਲੇ ਵਿਚ 21 ਅਗਸਤ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿਚ ਇਨ੍ਹਾਂ ਦੋਵਾਂ ਨੇ ਸੈਕਟਰੀ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾ ਦਿੱਤੇ ਸਨ ਅਤੇ ਆਪਣੇ ਜਵਾਬ ਦੀ ਕਾਪੀ ਪੰਜਾਬ ਵੂਮੈਨ ਕਮਿਸ਼ਨ ਤੱਕ ਨੂੰ ਭੇਜ ਦਿੱਤੀ ਸੀ, ਜਿਸ ਵਿਚ ਕੰਮ ਵਾਲੇ ਸਥਾਨ ’ਤੇ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੀਤੇ ਦਿਨੀਂ ਕਲੱਬ ਕਾਰਜਕਾਰਨੀ ਦੀ ਇਕ ਗੈਰ-ਰਸਮੀ ਹੰਗਾਮੀ ਮੀਟਿੰਗ ਬੁਲਾਈ ਗਈ, ਜਿਸ ਨੂੰ ਐਗਜ਼ੀਕਿਊਟਿਵ ਮੀਟਿੰਗ ਦਾ ਰੂਪ ਦਿੱਤਾ ਗਿਆ ਅਤੇ ਇਸ ਵਿਚ ਪ੍ਰਸਤਾਵ ਪਾਸ ਕਰ ਕੇ ਦੋਵਾਂ ਮਹਿਲਾ ਕਰਮਚਾਰੀਆਂ ਨੂੰ ਨੌਕਰੀ ਤੋਂ ਟਰਮਨੀਨੇਟ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਟਰਮੀਨੇਸ਼ਨ ਸਬੰਧੀ ਹੁਕਮਾਂ ’ਤੇ ਕਲੱਬ ਦੇ ਚਾਰਾਂ ਅਹੁਦੇਦਾਰਾਂ ਅਤੇ ਸਾਰੇ ਐਗਜ਼ੀਕਿਊਟਿਵ ਮੈਂਬਰਾਂ ਦੇ ਦਸਤਖਤ ਕਰਵਾਏ ਗਏ ਹਨ।