ਮੀਂਹ ਨਾਲ ਡਿਗੀ ਛੱਤ, ਬਾਪ ਤੇ 2 ਧੀਆਂ ਦੀ ਮੌਤ

Thursday, Jul 05, 2018 - 07:16 AM (IST)

ਮਲੋਟ/ਲੰਬੀ (ਜੁਨੇਜਾ, ਜੱਜ, ਸ਼ਾਂਤ, ਗੋਇਲ) - ਬੀਤੀ ਰਾਤ ਤੂਫ਼ਾਨ ਨੁਮਾ ਝੱਖੜ ਅਤੇ ਮੀਂਹ ਨਾਲ ਉਪ ਮੰਡਲ ਮਲੋਟ ਵਿਚ ਦਰੱਖਤ, ਬਿਜਲੀ ਦੇ ਖੰਭੇ ਅਤੇ ਛੱਤਾਂ ਡਿੱਗਣ ਦੀਆਂ ਦਰਜਨਾਂ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਇਸ ਕਹਿਰ ਨਾਲ ਤਿੰਨ ਵੱਖ-ਵੱਖ ਘਟਨਾਵਾਂ 'ਚ ਦੋ ਬੱਚੀਆਂ ਅਤੇ ਇਕ ਔਰਤ ਸਮੇਤ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ।ਕਹਿੰਦੇ ਨੇ ਕੁਦਰਤ ਦੇ ਰੰਗਾਂ ਦਾ ਅੱਜ ਤੱਕ ਕੋਈ ਭੇਤ ਨਹੀਂ ਪਾ ਸਕਿਆ। ਇਸ ਦੀ ਉਦਾਹਰਨ ਅੱਜ ਮਲੋਟ ਵਿਖੇ ਵੇਖਣ ਨੂੰ ਮਿਲੀ, ਜਿੱਥੇ ਦੋ ਧੀਆਂ ਅਤੇ ਪਤੀ ਦੀ ਮੌਤ ਤੋਂ 4-5 ਘੰਟਿਆਂ ਬਾਅਦ ਹੀ ਔਰਤ ਨੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ।
ਬੀਤੀ ਰਾਤ ਸ਼ਹਿਰ ਦੇ ਵਾਰਡ ਨੰ. 14 ਵਿਖੇ ਅੰਮ੍ਰਿਤਪਾਲ ਸਿੰਘ ਆਪਣੀ ਪਤਨੀ ਤਜਿੰਦਰਪਾਲ ਕੌਰ ਅਤੇ ਦੋ ਬੇਟੀਆਂ ਮਨਸੀਰਤ (6) ਅਤੇ ਅਗਮਨਜੋਤ (4) ਨਾਲ ਛੱਤ ਉੱਪਰ ਸੁੱਤਾ ਸੀ। ਰਾਤ 11 ਵਜੇ ਦੇ ਕਰੀਬ ਝੱਖੜ ਅਤੇ ਮੀਂਹ ਆਉਣ ਕਾਰਨ ਉਹ ਪਰਿਵਾਰ ਸਮੇਤ ਆਪਣੇ ਕਮਰੇ ਵਿਚ ਆ ਗਿਆ। ਸਾਰਾ ਪਰਿਵਾਰ ਸੁੱਤਾ ਸੀ ਕਿ ਉਸ ਦੀ ਪਤਨੀ ਤਜਿੰਦਰਪਾਲ ਕੌਰ ਅਚਾਨਕ ਲਾਈਟ ਜਗਾਉਣ ਲਈ ਉੱਠੀ। ਉਹ ਜਿਵੇਂ ਹੀ ਸਵਿੱਚ ਬੋਰਡ ਕੋਲ ਪੁੱਜੀ ਤਾਂ ਕਮਰੇ ਦੀ ਛੱਤ ਬੈੱਡ 'ਤੇ ਆ ਡਿੱਗੀ। ਬੈੱਡ 'ਤੇ ਸੁੱਤੇ ਅੰਮ੍ਰਿਤਪਾਲ ਅਤੇ ਬੱਚੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਦਕਿ ਤਜਿੰਦਰਪਾਲ ਦੇ ਮਾਮੂਲੀ ਸੱਟਾਂ ਲੱਗੀਆਂ। ਚਾਰਾਂ ਨੂੰ ਗਲੀ ਨਿਵਾਸੀਆਂ ਨੇ ਬੜੀ ਮੁਸ਼ੱਕਤ ਨਾਲ ਕੱਢਿਆ ਅਤੇ ਸਰਕਾਰੀ ਹਸਪਤਾਲ ਲੈ ਗਏ।

PunjabKesari
ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਇਸ ਸਥਿਤੀ ਵਿਚ ਵੀ ਜ਼ਖਮੀਆਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਤਜਿੰਦਰਪਾਲ ਕੌਰ ਗਰਭਵਤੀ ਸੀ ਅਤੇ ਉਸ ਨੂੰ ਡਾਕਟਰਾਂ ਵੱਲੋਂ ਪਹਿਲਾਂ ਤੋਂ ਹੀ ਅੱਜ 5 ਜੁਲਾਈ ਦੀ ਤਰੀਕ ਡਲਿਵਰੀ ਲਈ ਅੰਦਾਜਨ ਤਰੀਕ ਦਿੱਤੀ ਗਈ ਸੀ ਪਰ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਬੇਰੁਖੀ ਕਿ ਅਜਿਹੇ ਹਾਲਾਤ ਵਿਚ ਵੀ ਮਰੀਜ਼ਾਂ ਤੋਂ ਪਾਸਾ ਵੱਟ ਲਿਆ। ਇਸ ਪਿੱਛੋਂ ਗਲੀ ਨਿਵਾਸੀਆਂ ਨੇ ਗਰਭਵਤੀ ਤਜਿੰਦਰਪਾਲ ਕੌਰ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਦਕਿ ਬਾਕੀ ਤਿੰਨਾਂ ਨੂੰ ਇਕ ਹੋਰ ਨਿੱਜੀ ਹਸਪਤਾਲ ਦੇ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ। ਉੱਧਰ, ਗਰਭਵਤੀ ਤਜਿੰਦਰ ਕੌਰ ਨੂੰ ਔਰਤਾਂ ਦੇ ਇਲਾਜ ਲਈ ਕਮਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਅੱਜ 10 ਵੱਜ ਕੇ 46 ਮਿੰਟ 'ਤੇ ਉਸ ਨੇ ਜੌੜੇ ਪੁੱਤਰਾਂ ਨੂੰ ਜਨਮ ਦਿੱਤਾ ਹੈ। ਡਾਕਟਰ ਪੂਜਾ ਨੇ ਦੱਸਿਆ ਕਿ ਸਾਰਿਆਂ ਦੀ ਹਾਲਤ ਠੀਕ ਹੈ ਪਰ ਅਜੇ ਤੱਕ ਤਜਿੰਦਰ ਨੂੰ ਉਸ ਦੀਆਂ ਧੀਆਂ ਅਤੇ ਪਤੀ ਦੀ ਮੌਤ ਬਾਰੇ ਨਹੀਂ ਦੱਸਿਆ ਗਿਆ।
ਗਰਭਵਤੀ ਸੀ ਮ੍ਰਿਤਕ ਹਰਜਿੰਦਰ ਕੌਰ

PunjabKesari
ਇਕ ਹੋਰ ਮਾਮਲੇ 'ਚ ਪਿੰਡ ਮਲੋਟ ਅਤੇ ਭਗਵਾਨਪੁਰਾ ਦੇ ਰਸਤੇ ਵਿਚ ਬਸਤੀ ਹਿੰਮਤਪੁਰਾ ਦਾ ਕੁਲਜਿੰਦਰ ਸਿੰਘ ਨਾਮੀ ਇਕ ਟਰੈਕਟਰ ਡਰਾਈਵਰ ਘਰੋਂ ਬਾਹਰ ਗਿਆ ਸੀ ਅਤੇ ਉਸ ਦੀ 22 ਸਾਲਾ ਪਤਨੀ ਹਰਜਿੰਦਰ ਕੌਰ ਆਪਣੀ ਜੇਠਾਣੀ ਗਗਨਦੀਪ ਕੌਰ ਦੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਸੁੱਤੀ ਪਈ ਸੀ ਕਿ ਝੱਖੜ ਕਾਰਨ ਘਰ ਦੀ ਛੱਤ ਡਿੱਗ ਪਈ। ਇਸ ਘਟਨਾ ਵਿਚ ਹਰਜਿੰਦਰ ਕੌਰ ਦੀ ਮੌਤ ਹੋ ਗਈ, ਜਦਕਿ ਤਿੰਨੇ ਬੱਚੇ ਬਿਲਕੁਲ ਠੀਕ ਹਨ ਅਤੇ ਕਿਸੇ ਨੂੰ ਝਰੀਟ ਤੱਕ ਨਹੀਂ ਆਈ। ਮ੍ਰਿਤਕਾ ਦੇ ਵਿਆਹ ਨੂੰ 9 ਮਹੀਨੇ ਹੋਏ ਸਨ ਅਤੇ ਉਹ ਗਰਭਵਤੀ ਸੀ।
ਢਾਬੇ ਦੀ ਛੱਤ ਹੇਠ ਆਇਆ ਨੌਜਵਾਨ
ਤੀਜੀ ਘਟਨਾ ਲੰਬੀ ਦੇ ਪਿੰਡ ਮਾਹੂਆਣਾ ਦੀ ਹੈ, ਜਿੱਥੇ ਸਟੇਟ ਆਟੋਮੋਬਾਇਲ ਅਤੇ ਡਰਾਈਵਿੰਗ ਸਕਿੱਲ ਸੰਸਥਾ ਵਿਚ ਟਰੇਨਿੰਗ ਲਈ ਆਏ ਪੰਜ ਜਣੇ ਢਾਬੇ ਦੀ ਛੱਤ ਥੱਲੇ ਆ ਗਏ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ, ਗਈ ਜਦਕਿ ਬਾਕੀ ਜ਼ਖਮੀ ਹੋ ਗਏ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਬੀਤੀ ਦੇਰ ਰਾਤ ਝੱਖੜ ਕਾਰਨ ਉਕਤ ਢਾਬੇ ਦੇ ਕਮਰੇ ਦੀ ਛੱਡ ਡਿੱਗ ਪਈ, ਜਿਸ ਵਿਚ ਉਕਤ ਨੌਜਵਾਨ ਠਹਿਰੇ ਹੋਏ ਸਨ। ਢਾਬਿਆਂ ਵਾਲਿਆਂ ਵੱਲੋਂ ਦਿੱਤੀ ਇਤਲਾਹ 'ਤੇ ਪੁੱਜੇ ਪਿੰਡ ਵਾਸੀਆਂ ਨੇ ਛੱਤ ਹੇਠ ਦੱਬੇ ਨੌਜਵਾਨਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਦੀ ਪਛਾਣ ਤਰਸੇਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਨਾਗਰੀ ਜ਼ਿਲਾ ਪਟਿਆਲਾ, ਕਰਮ ਸਿੰਘ, ਹਰੀ ਸਿੰਘ, ਲਖਵੀਰ ਸਿੰਘ ਅਤੇ ਬੋਹੜ ਸਿੰਘ ਵਾਸੀ ਸਾਰੇ ਸਮਾਣਾ ਵਜੋਂ ਹੋਈ। ਇਨ੍ਹਾਂ 'ਚੋਂ ਤਰਸੇਮ ਸਿੰਘ ਪੁੱਤਰ ਬਚਨ ਸਿੰਘ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੂਜੇ ਸਾਥੀ ਸੁਰੱਖਿਅਤ ਹਨ।
ਡਿਪਟੀ ਸਪੀਕਰ ਵੱਲੋਂ ਪੀੜਤ ਪਰਿਵਾਰਾਂ ਨੂੰ 1-1 ਲੱਖ ਦੀ ਮਦਦ ਦਾ ਐਲਾਨ
ਮਲੋਟ ਦੇ ਵਿਧਾਇਕ ਅਤੇ ਪੰਜਾਬ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਅਮਨਪ੍ਰੀਤ ਸਿੰਘ ਭੱਟੀ ਹਲਕਾ ਸੇਵਾਦਾਰ ਨੇ ਮ੍ਰਿਤਕ ਪਰਿਵਾਰਾਂ ਨੂੰ 1-1 ਲੱਖ ਦੀ ਸਰਕਾਰੀ ਮਦਦ ਅਤੇ ਜ਼ਖ਼ਮੀਆਂ ਦਾ ਇਲਾਜ ਕਰਵਾਉਣ ਦਾ ਐਲਾਨ ਕੀਤਾ ਹੈ।


Related News