ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 3 ਮਰੀਜ਼ਾਂ ਦੀ ਮੌਤ, 118 ਪਾਜ਼ੇਟਿਵ
Monday, Nov 23, 2020 - 11:42 PM (IST)
ਲੁਧਿਆਣਾ,(ਸਹਿਗਲ)- ਜ਼ਿਲ੍ਹੇ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਵਾਇਰਸ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 118 ਮਰੀਜ਼ ਕੋਰੋਨਾ ਤੋਂ ਪੀੜਤ ਹੋ ਕੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 98 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹਨ, ਜਦੋਂਕਿ 20 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜਿਨ੍ਹਾਂ 3 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਇਕ ਬਰਨਾਲਾ ਦਾ ਰਹਿਣ ਵਾਲਾ, ਜਦੋਂਕਿ ਦੋ ਜ਼ਿਲੇ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ ਇਕ ਹੈਬੋਵਾਲ ਕਲਾਂ ਨਿਵਾਸੀ 62 ਸਾਲਾ ਪੁਰਸ਼ ਜਿਸ ਦੀ ਏਮਸ ਬੱਸੀ ਹਸਪਤਾਲ ਵਿਚ ਮੌਤ ਹੋ ਗਈ ਅਤੇ ਇਕ 71 ਸਾਲਾ ਔਰਤ ਸ਼ਾਮਲ ਹੈ। ਉਕਤ ਔਰਤ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਸੀ। ਜ਼ਿਲ੍ਹੇ ਵਿਚ 3125 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 368 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਰੀਜ਼ ਸਿਹਤ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਵਾਰ-ਵਾਰ ਕੋਰੋਨਾ ਤੋਂ ਸਾਵਧਾਨ ਰਹਿਣ ਦੀ ਅਪੀਲ ਕਰ ਰਹੇ ਹਨ ਪਰ ਅਜੇ ਵੀ ਲੋਕਾਂ ਦੀ ਕਾਫੀ ਗਿਣਤੀ ਅਜਿਹੀ ਹੈ, ਜੋ ਬਾਹਰ ਨਿਕਲਣ ’ਤੇ ਮਾਸਕ ਨਹੀਂ ਪਹਿਨ ਰਹੀ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪੈਟਰੋਲ ਪੰਪਾਂ ’ਤੇ ਉਨ੍ਹਾਂ ਲੋਕਾਂ ਨੂੰ ਪੈਟਰੋਲ ਨਹੀਂ ਦਿੱਤਾ ਜਾਂਦਾ ਸੀ ਜਿਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਹੁੰਦਾ ਸੀ ਪਰ ਹੁਣ ਓਥੇ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ, ਜਦੋਂਕਿ ਪੈਟਰੋਲ ਪੰਪਾਂ ਦੇ ਨਾਲ ਹਰ ਦੁਕਾਨਦਾਰ ਨੂੰ ਵੀ ਚਾਹੀਦਾ ਹੈ ਕਿ ਉਹ ਬਿਨਾਂ ਮਾਸਕ ਪਹਿਨੇ ਆਏ ਵਿਅਕਤੀ ਨੂੰ ਸਾਮਾਨ ਨਾ ਦੇਣ।
ਕੋਰੋਨਾ ਦੇ ਮਾਮਲੇ ’ਚ ਸ਼ਹਿਰੀ ਇਲਾਕਾ ਜ਼ਿਆਦਾ ਸੰਵੇਦਨਸ਼ੀਲ
ਕੋਰੋਨਾਂ ਦੇ ਕੇਸ ਵਿਚ ਜ਼ਿਲ੍ਹੇ ਦਾ ਸ਼ਹਿਰੀ ਇਲਾਕਾ ਜ਼ਿਆਦਾ ਸੰਵੇਦਨਸ਼ੀਲ ਸਿੱਧ ਹੋਇਆ ਹੈ। ਸ਼ਹਿਰੀ ਇਲਾਕਿਆਂ ਵਿਚ ਹੁਣ ਤੱਕ 768 ਵਿਅਕਤੀਆਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ, ਜਦੋਂਕਿ 19630 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਵਰਣਨਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22140 ਹੋ ਗਈ ਹੈ, ਜਦੋਂਕਿ ਇਨ੍ਹਾਂ ਵਿਚੋਂ 884 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 20410 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਮੌਜੂਦਾ ਸਮੇਂ ’ਚ ਜ਼ਿਲ੍ਹੇ ਵਿਚ 846 ਮਰੀਜ਼ ਐਕਟਿਵ ਦੱਸੇ ਜਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਖਦਸ਼ੇ ਤੋਂ ਲੋਕਾਂ ਨੂੰ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਹੈ।
ਜ਼ਿਲੇ ਦੇ ਹੋਰਨਾਂ ਹਿੱਸਿਆਂ ਦਾ ਬਿਓਰਾ
ਇਲਾਕਾ ਪਾਜ਼ੇਟਿਵ ਮੌਤ
ਜਗਰਾਓਂ 722 26
ਰਾਏਕੋਟ 448 13
ਖੰਨਾ 665 34
ਸਮਰਾਲਾ 360 25
ਪਾਇਲ 315 18
1461 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲੇ ਵਿਚ ਅੱਜ 1461 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਜਿਨ੍ਹਾਂ ਵਿਚੋਂ ਸਿਹਤ ਵਿਭਾਗ ਵੱਲੋਂ 1091, ਜਦੋਂਕਿ ਨਿੱਜੀ ਹਸਪਤਾਲਾਂ ਦੀਆਂ ਲੈਬਸ ਵੱਲੋਂ 370 ਵਿਅਕਤੀਆਂ ਦੇ ਟੈਸਟ ਕੋਰੋਨਾ ਵਾਇਰਸ ਦੀ ਜਾਂਚ ਲਈ ਗਏ। ਇਸ ਤੋਂ ਇਲਾਵਾ 1064 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
149 ਵਿਅਕਤੀਆਂ ਨੂੰ ਭੇਜਿਆ ਹੋਮ ਕੁਆਰੰਟਾਈਨ ’ਚ
ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 169 ਵਿਅਕਤੀਆਂ ਦੀ ਸਕ੍ਰੀਨਿੰਗ ਉਪਰੰਤ 149 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਇਸ ਤੋਂ ਇਲਾਵਾ 652 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦੇ 17 ਪਾਜ਼ੇਟਿਵ ਮਰੀਜ਼ ਭਰਤੀ ਹਨ, ਜਦੋਂਕਿ ਨਿੱਜੀ ਹਸਪਤਾਲਾਂ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 183 ਦੱਸੀ ਜਾ ਰਹੀ ਹੈ। ਹਸਪਤਾਲਾਂ ਵਿਚ ਦਾਖਲ ਪਾਜ਼ੇਟਿਵ ਮੀਰਜ਼ਾਂ ਨੂੰ ਜ਼ਿਆਦਾਤਰ ਘਰਾਂ ਵਿਚ ਆਈਸੋਲੇਟ ਕੀਤਾ ਗਿਆ ਹੈ।