ਲੱਖਾਂ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ 3 ਗ੍ਰਿਫਤਾਰ
Monday, Nov 18, 2019 - 08:55 PM (IST)
![ਲੱਖਾਂ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ 3 ਗ੍ਰਿਫਤਾਰ](https://static.jagbani.com/multimedia/2019_11image_22_34_429567228215.jpg)
ਮਾਨਸਾ,(ਸੰਦੀਪ ਮਿੱਤਲ)- ਜ਼ਿਲਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਜਾਅਲੀ ਭਾਰਤੀ ਕਰੰਸੀ ਦਾ ਧੰਦਾ ਕਰਨ ਵਾਲਿਆਂ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 6 ਲੱਖ 22 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ 1 ਰੰਗੀਨ ਪ੍ਰਿੰਟਰ ਕਮ ਸਕੈਨਰ, ਕੱਚੇ ਮਾਲ ਆਦਿ ਸਮੇਤ 1 ਮੋਟਰਸਾਈਕਲ ਦੀ ਬਰਾਮਦਗੀ ਕੀਤੀ ਗਈ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਪਿੰਡ ਨੰਗਲ ਕਲਾਂ ਨੇੜੇ ਮੁਖਬਰੀ ਮਿਲਣ ਤੇ ਪ੍ਰੀਤਮ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਚੱਕਭਾਈਕੇ ਹਾਲ ਆਬਾਦ ਸੁਨਾਮ (ਜ਼ਿਲਾ ਸੰਗਰੂਰ), ਚਰਨਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਡਸਕਾ (ਜ਼ਿਲਾ ਸੰਗਰੂਰ) ਅਤੇ ਦਾਰਾ ਸਿੰਘ ਪੁੱਤਰ ਰਾਜ ਸਿੰਘ ਵਾਸੀ ਖਾਈ (ਜ਼ਿਲਾ ਸੰਗਰੂਰ) ਨੂੰ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਪੁਲਸ ਰਿਮਾਂਡ ਉਪਰੰਤ ਇਨ੍ਹਾਂ ਕੋਲੋਂ 6 ਲੱਖ 22 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ 1 ਰੰਗੀਨ ਪ੍ਰਿੰਟਰ ਕਮ ਸਕੈਨਰ, ਕੱਚੇ ਮਾਲ ਆਦਿ ਸਮੇਤ 1 ਮੋਟਰਸਾਈਕਲ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਦੱਸਿਆ ਕਿ ਉਹ ਬਜਾਰ ਵਿਚ ਭੋਲੇ ਭਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਧੋਖੇ ਵਿਚ ਰੱਖ ਕੇ ਨਕਲੀ ਕਰੰਸੀ ਦੇ ਕੇ ਉਨ੍ਹਾਂ ਦੀ ਲੁੱਟ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੇ ਇਹ ਧੰਦਾ ਕਦੋਂ ਤੋਂ ਚਲਾਇਆ ਹੋਇਆ ਸੀ, ਇਨ੍ਹਾਂ ਨਾਲ ਹੋਰ ਕਿੰਨਾਂ ਕਿੰਨਾਂ ਵਿਆਕਤੀਆਂ ਦੀ ਸ਼ਮੂਲੀਅਤ ਹੈ, ਕੱਚਾ ਮਾਲ ਕਿੱਥੋ ਲੈ ਕੇ ਆਉਦੇ ਸੀ ਅਤੇ ਕਿੱਥੇ ਕਿੱਥੇ ਸਪਲਾਈ ਕਰਦੇ ਸੀ। ਜਿਨ੍ਹਾਂ ਦੀ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।