ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਥਾਣੇਦਾਰ ਸਮੇਤ 3 ਗ੍ਰਿਫਤਾਰ
Wednesday, Jun 16, 2021 - 12:06 AM (IST)
ਤਰਨ ਤਾਰਨ,(ਰਮਨ, ਰਾਜੂ, ਜ. ਬ.)- ਜ਼ਿਲ੍ਹਾ ਪੁਲਸ ਨੇ ਲੁੱਟਾਂ-ਖੋਹਾਂ ਅਤੇ ਧਮਕਾਉਣ ਵਾਲੀ ਪੰਜਾਬ ਪੁਲਸ ’ਚ ਤਾਇਨਾਤ ਇਕ ਥਾਣੇਦਾਰ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸਰਾਏ ਅਮਾਨਤ ਖਾਂ ਦੀ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤਾ ਗਿਆ ਥਾਣੇਦਾਰ ਆਪਣੇ ਪੁੱਤਰ ਸਮੇਤ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਸ ਵੱਲੋਂ ਸ਼ੁਰੂ ਕੀਤੀ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਧਰੁਮਨ ਐੱਚ. ਨਿਮਬਲੇ ਨੇ ਦੱਸਿਆ ਕਿ ਸਰਾਏ ਅਮਾਨਤ ਖਾਂ ਪੁਲਸ ਮੁਖੀ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪਿੰਡ ਕਸੇਲ ਨੇੜੇ ਘੁੰਮ ਰਹੇ ਹਨ, ਜਿਸ ਤੋਂ ਬਾਅਦ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਦੇ ਨਿਰਦੇਸ਼ਾਂ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਟੀਮਾਂ ਵੱਲੋਂ ਗਸ਼ਤ ਨੂੰ ਹੋਰ ਤੇਜ਼ ਕਰ ਦਿੱਤਾ ਗਿਆ। ਜਦੋਂ ਪੁਲਸ ਟੀਮ ਪਿੰਡ ਮਾਣਕਪੁਰਾ ਵਿਖੇ ਮੌਜੂਦ ਸੀ ਤਾਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛਗਿੱਛ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਮੋਟਰਸਾਈਕਲ ਸਵਾਰ ਗੁਰਲਾਲ ਸਿੰਘ ਪੁੱਤਰ ਬਹਾਦਰ ਸਿੰਘ ਨਿਵਾਸੀ ਕੋਟਲਾ ਗੁਜਰਾ ਜ਼ਿਲਾ ਅੰਮ੍ਰਿਤਸਰ ਹਾਲ ਵਾਸੀ ਕੁਆਰਟਰ, ਹਾਊਸਿੰਗ ਬੋਰਡ ਕਾਲੋਨੀ, ਰਣਜੀਤ ਐਵੀਨਿਊ ਅੰਮ੍ਰਿਤਸਰ ਅਤੇ ਉਸ ਦਾ ਲੜਕਾ ਬਬਲੂ ਪੁੱਤਰ ਗੁਰਲਾਲ ਸਿੰਘ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਸ ਦੇ ਨਾਲ ਹੀ ਤੀਜੇ ਮੁਲਜ਼ਮ ਹਰਮਨਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਨਿਵਾਸੀ ਪਿੰਡ ਉਡਰ ਥਾਣਾ ਲੋਪੋਕੇ ਅੰਮ੍ਰਿਤਸਰ ਨੂੰ ਚੋਰੀ ਦੇ ਮੋਟਰਸਾਈਕਲ ਅਤੇ ਖਿਡੌਣੇ ਵਾਲੀ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਤਿੰਨੇ ਮੁਲਜ਼ਮ ਲੰਮੇ ਸਮੇਂ ਤੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।