ਯੂਥ ਕਾਂਗਰਸ ਨੇਤਾ ਦੀ ਕਾਰ ’ਤੇ ਹਮਲਾ ਕਰਨ ਵਾਲੇ 3 ਗ੍ਰਿਫ਼ਤਾਰ, ਵਿਦੇਸ਼ ਬੈਠੇ ਗੈਂਗਸਟਰ ਨਾਲ ਜੁੜੀਆਂ ਤਾਰਾਂ

05/24/2023 6:12:06 PM

ਫਿਲੌਰ (ਭਾਖੜੀ)-ਇੰਗਲੈਂਡ ’ਚ ਬੈਠਾ ਪੁਲਸ ਨੂੰ ਲੋੜੀਂਦਾ ਮਿੰਦਰ ਆਪਣੇ ਹੀ ਪਿੰਡ ਦੇ ਯੂਥ ਕਾਂਗਰਸੀ ਨੇਤਾ ਦੀ 2 ਜਗ੍ਹਾ ਸੁਪਾਰੀ ਭੇਜ ਕੇ ਉਸ ’ਤੇ ਜਾਨਲੇਵਾ ਹਮਲਾ ਕਰਵਾਉਣਾ ਚਾਹੁੰਦਾ ਸੀ। ਬੀਤੇ ਦਿਨ ਰਾਤ ਯੂਥ ਨੇਤਾ ਦੇ ਘਰ ਦੇ ਬਾਹਰ ਖੜ੍ਹੀ ਉਸ ਦੀ ਕਾਰ ’ਤੇ ਹਮਲਾ ਕਰਕੇ 4 ਮੁੰਡਿਆਂ ਨੇ ਸ਼ੀਸ਼ੇ ਤੋੜ ਦਿੱਤੇ। ਪੁਲਸ ਨੇ ਜਦੋਂ 3 ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਰਹੱਸ ਤੋਂ ਪਰਦਾ ਉੱਠ ਗਿਆ। ਉਨ੍ਹਾਂ ਦੱਸਿਆ ਕਿ ਕਾਂਗਰਸੀ ਨੇਤਾ ’ਤੇ ਹਮਲਾ ਕਰਨ ਲਈ ਉਨ੍ਹਾਂ ਨੂੰ ਵਿਦੇਸ਼ ਤੋਂ ਸੁਪਾਰੀ ਮਿਲੀ ਹੈ। ਯੁਵਾ ਨੇਤਾ ’ਤੇ ਹਮਲੇ ਦੀ ਇਕ ਸੁਪਾਰੀ ਫਿਲੌਰ ਦੇ ਇਕ ਗੈਂਗ ਦੇ ਮੁਖੀ ਨੂੰ ਵੀ ਵਿਦੇਸ਼ ਤੋਂ ਦਿੱਤੀ ਗਈ ਹੈ। ਫੜੇ ਗਏ 3 ਲੜਕੇ 20 ਤੋਂ 22 ਸਾਲ ਦੀ ਉਮਰ ਦੇ ਹਨ। ਮੰਗਲਵਾਰ ਡੀ. ਐੱਸ. ਪੀ. ਸਬ-ਡਿਵੀਜ਼ਨ ਫਿਲੌਰ ਜਗਦੀਸ਼ ਰਾਜ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਮੁਖਵਿੰਦਰ ਸਿੰਘ ਭੁੱਲਰ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਛੇੜੀ ਗਈ ਵਿਸ਼ੇਸ਼ ਮੁਹਿੰਮ ’ਚ ਉਨ੍ਹਾਂ ਦੀ ਸਬ-ਡਿਵੀਜ਼ਨ ’ਚ ਪੈਂਦੇ ਪੁਲਸ ਥਾਣਾ ਗੋਰਾਇਆਂ ਦੇ ਮੁਖੀ ਇੰਸ. ਸੁਰਿੰਦਰ ਕੁਮਾਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ।

ਇਹ ਵੀ ਪੜ੍ਹੋ - ਜਲੰਧਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਵੱਢ 'ਤਾ ਹੱਥ, ਕੱਢ ਦਿੱਤੀਆਂ ਅੱਖਾਂ

ਬੀਤੇ ਦਿਨ ਪਿੰਡ ਸੰਗਰੂਦੀ ਦੇ ਰਹਿਣ ਵਾਲੇ ਯੂਥ ਕਾਂਗਰਸ ਦੇ ਸਰਗਰਮ ਨੇਤਾ ਮਨਿੰਦਰ ਦੇ ਘਰ ਦੇ ਬਾਹਰ ਖੜ੍ਹੀ ਕਾਰ ਦੇ 4 ਮੁੰਡਿਆਂ ਨੇ ਸ਼ੀਸ਼ੇ ਤੋੜ ਦਿੱਤੇ। ਥਾਣਾ ਮੁਖੀ ਗੋਰਾਇਆਂ ਇੰਸ. ਸੁਰਿੰਦਰ ਕੁਮਾਰ ਨੇ ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਮੁਲਜ਼ਮਾਂ ਦੀ ਪਛਾਣ ਕਰਕੇ 4 ’ਚੋਂ 3 ਮੁੰਡੇ ਦੀਪਕ ਸਰੋਏ, ਕਰਨ ਕੁਲਥਮ, ਸਮਰ ਵਿਰਕਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕਈ ਵੱਡੇ ਖ਼ੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਯੂਥ ਨੇਤਾ ਮਨਿੰਦਰ ਸਿੰਘ ’ਤੇ ਹਮਲਾ ਕਰਨ ਲਈ ਉਨ੍ਹਾਂ ਨੂੰ ਵਿਦੇਸ਼ ਇੰਗਲੈਂਡ ’ਚ ਬੈਠੇ ਮਿੰਦਰ ਨੇ ਸੁਪਾਰੀ ਦਿੱਤੀ ਹੈ। ਉਹ ਪੁਲਸ ਨੂੰ ਲੋੜੀਂਦਾ ਹੈ ਅਤੇ ਕਿਸੇ ਤਰ੍ਹਾਂ ਪੁਲਸ ਨੂੰ ਧੋਖਾ ਦੇ ਕੇ ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਿਆ ਸੀ ਅਤੇ ਉਹ ਵਿਦੇਸ਼ ’ਚ ਬੈਠਾ ਪੰਜਾਬ ਦੇ ਲੜਕਿਆਂ ਨੂੰ ਆਪਣੇ ਨਾਲ ਜੋੜ ਕੇ ਆਪਣਾ ਖ਼ੁਦ ਦਾ ਗੈਂਗ ਖੜ੍ਹਾ ਕਰ ਰਿਹਾ ਹੈ।

ਮਿੰਦਰ ਨੇ ਉਨ੍ਹਾਂ ਨੂੰ ਵਿਦੇਸ਼ ਤੋਂ 10 ਹਜ਼ਾਰ ਰੁਪਏ ਭੇਜੇ ਹਨ ਕਿ ਉਹ ਯੂਥ ਨੇਤਾ ’ਤੇ ਹਮਲਾ ਬੋਲਣ, ਜਦੋਂ ਉਹ ਉਨ੍ਹਾਂ ਨੂੰ ਨਾ ਮਿਲਿਆ ਤਾਂ ਉਸ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਦੇ ਸ਼ੀਸ਼ੇ ਤੋੜਨ ਦੇ ਨਿਰਦੇਸ਼ ਦਿੱਤੇ। ਦੂਜਾ ਉਨ੍ਹਾਂ ਨੇ ਇਕ ਹੋਰ ਵੱਡਾ ਖੁਲਾਸਾ ਕੀਤਾ ਕਿ ਮਿੰਦਰ ਨੇ ਯੂਥ ਨੇਤਾ ਦੀ ਇਕ ਹੋਰ ਸੁਪਾਰੀ ਫਿਲੌਰ ਦੇ ਇਕ ਗੈਂਗ ਦੇ ਸਰਗਣਾ ਨੂੰ ਵੀ ਵੱਖਰੇ ਤੌਰ ’ਤੇ ਦਿੱਤੀ ਹੋਈ ਹੈ, ਜੋ ਉਸ ’ਤੇ ਹਮਲਾ ਕਰਨ ਲਈ ਉਸ ਦੀ ਰੇਕੀ ਕਰ ਚੁੱਕੇ ਸਨ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਦੀ ਹੁਸ਼ਿਆਰੀ ਕਾਰਨ ਵੱਡੀ ਘਟਨਾ ਵਾਪਰਨ ਤੋਂ ਟਲ ਗਈ। ਇਨ੍ਹਾਂ ਦੇ ਚੌਥੇ ਸਾਥੀ ਅਤੇ ਫਿਲੌਰ ਦੇ ਸੁਪਾਰੀ ਲੈਣ ਵਾਲੇ ਗੈਂਗ ਦੇ ਮੁੰਡੇ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ - ਸਰਹਿੰਦ ਨਹਿਰ ’ਚ ਰੁੜ੍ਹਦੀ ਵੇਖ ਬਜ਼ੁਰਗ ਔਰਤ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਰੁੜ੍ਹਿਆ, ਭਾਲ ਜਾਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


shivani attri

Content Editor

Related News