ਭਾਰੀ ਅਸਲੇ ਤੇ ਚੋਰੀ ਦੇ ਬੁਲੇਟ ਮੋਟਰਸਾਈਕਲ ਸਮੇਤ 3 ਕਾਬੂ

Sunday, Mar 04, 2018 - 07:16 AM (IST)

ਭਾਰੀ ਅਸਲੇ ਤੇ ਚੋਰੀ ਦੇ ਬੁਲੇਟ ਮੋਟਰਸਾਈਕਲ ਸਮੇਤ 3 ਕਾਬੂ

ਫ਼ਤਿਹਗੜ੍ਹ ਸਾਹਿਬ (ਜੱਜੀ, ਜਗਦੇਵ, ਬਖਸ਼ੀ) - ਥਾਣਾ ਬਡਾਲੀ ਆਲਾ ਸਿੰਘ ਦੀ ਪੁਲਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ 'ਤੇ 3 ਵਿਅਕਤੀਆਂ ਨੂੰ 5 ਹਥਿਆਰਾਂ, 43 ਰੌਂਦ 32 ਬੋਰ, 5 ਰੌਂਦ 315 ਬੋਰ, ਚੋਰੀ ਦਾ ਬੁਲੇਟ ਮੋਟਰਸਾਈਕਲ ਅਤੇ 4 ਮੈਗਜ਼ੀਨ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਤੇ ਗੈਂਗਸਟਰਾਂ ਵਿਰੁੱਧ ਐੱਸ. ਪੀ. (ਜਾਂਚ) ਹਰਪਾਲ ਸਿੰਘ, ਏ. ਐੱਸ. ਪੀ. ਫ਼ਤਿਹਗੜ੍ਹ ਸਾਹਿਬ ਡਾ. ਰਵਜੋਤ ਗਰੇਵਾਲ, ਡੀ. ਐੱਸ. ਪੀ. (ਜਾਂਚ) ਦਲਜੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ ਜਾ ਰਹੀ ਹੈ। ਇਸ ਅਧੀਨ ਥਾਣਾ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਦੀ ਅਗਵਾਈ ਹੇਠ ਬੀਤੀ 28 ਫਰਵਰੀ ਨੂੰ ਪੁਲਸ ਟੀਮ ਨੂੰ ਇਕ ਮੁਖ਼ਬਰ ਨੇ ਸੂਚਨਾ ਦਿੱਤੀ ਸੀ ਕਿ ਰਾਹੁਲ ਉਰਫ ਰੋਲਾ, ਸਾਜਨ ਨਈਅਰ ਦੋਵੇਂ ਭਰਾ ਪੁੱਤਰਾਨ ਲੇਟ ਵਿਜੇ ਕੁਮਾਰ ਵਾਸੀ ਮੁਹੱਲਾ ਛੋਟਾ ਹਰੀਪੁਰ ਥਾਣਾ ਇਸਲਾਮਾਬਾਦ ਜ਼ਿਲਾ ਅੰਮ੍ਰਿਤਸਰ ਅਤੇ ਵਰਿੰਦਰ ਕੁਮਾਰ ਉਰਫ ਗੋਰਾ ਉਰਫ ਗੌਰਵ ਪੁੱਤਰ ਹਰਬੰਸ ਲਾਲ ਉਰਫ ਕੀਮਤੀ ਵਾਸੀ ਪਿੰਡ  ਸਿੰਘਾਪੁਰ ਥਾਣਾ ਮਹਿਤਪੁਰ ਜ਼ਿਲਾ ਜਲੰਧਰ ਜੋ ਕਿ ਪਹਿਲਾਂ ਵੀ ਕਈ ਜ਼ਿਲਿਆਂ ਵਿਚ ਵੱਖ-ਵੱਖ ਥਾਣਿਆਂ ਦੇ ਲੁੱਟਾਂ-ਖੋਹਾਂ ਅਤੇ ਕਤਲ ਦੇ ਮੁਕੱਦਮਿਆਂ 'ਚ ਭਗੌੜੇ ਹਨ, ਅੱਜਕਲ ਚੋਰੀ ਦੇ ਬੁਲੇਟ ਮੋਟਰਸਾਈਕਲ ਜਿਸ ਨੂੰ ਜਾਅਲੀ ਨੰਬਰ ਪੀ. ਬੀ.-10 ਐੱਲ-3159 ਲਾਇਆ ਹੋਇਆ ਹੈ, ਫ਼ਤਿਹਗੜ੍ਹ ਸਾਹਿਬ, ਰਾਜਪੁਰਾ, ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਪਟਿਆਲਾ ਦੇ ਇਲਾਕਿਆਂ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਭਾਰੀ ਮਾਤਰਾ ਵਿਚ ਨਾਜਾਇਜ਼ ਅਸਲੇ ਸਮੇਤ ਘੁੰਮ ਰਹੇ ਹਨ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਉਕਤ ਵਿਅਕਤੀਆਂ ਵਿਰੁੱਧ ਆਰਮਜ਼ ਐਕਟ ਦੀ ਧਾਰਾ 25-54-59 ਅਤੇ ਆਈ.ਪੀ. ਸੀ. ਦੀ ਧਾਰਾ 379, 473 ਅਧੀਨ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਕਾਬੂ ਕਰਨ ਲਈ ਐੱਸ. ਐੱਚ. ਓ. ਸਰਬਜੀਤ ਸਿੰਘ ਦੀ ਅਗਵਾਈ ਹੇਠ ਬਣਾਈਆਂ ਸਪੈਸ਼ਲ ਟੀਮਾਂ ਜਿਨ੍ਹਾਂ 'ਚ ਥਾਣਾ ਬਡਾਲੀ ਆਲਾ ਸਿੰਘ, ਪੁਲਸ ਚੌਕੀ ਖੇੜਾ ਦੀਆਂ ਟੀਮਾਂ ਨਾਲ ਸਮਸ਼ੇਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਸਰਹਿੰਦ ਦੀ ਟੀਮ ਵੱਲੋਂ ਪਿੰਡ ਪਤਾਰਸੀ ਖੁਰਦ ਸਾਹਮਣੇ ਮੈਕਡੋਨਲ ਜੀ.ਟੀ. ਰੋਡ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਅਤੇ ਉਕਤ ਤਿੰਨਾਂ ਵਿਅਕਤੀਆਂ ਨੂੰ 2 ਮਾਰਚ, 2018 ਨੂੰ ਸਮੇਤ ਚੋਰੀ ਦੇ ਬੁਲੇਟ ਮੋਟਰਸਾਈਕਲ ਸਣੇ ਕਾਬੂ ਕਰ ਲਿਆ ਗਿਆ।
ਸ਼੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਵਰਿੰਦਰ ਕੁਮਾਰ ਉਰਫ ਗੋਰਾ ਕੋਲੋਂ ਦੇਸੀ ਕੱਟਾ 32 ਬੋਰ ਸਮੇਤ 5 ਰੌਂਦ ਅਤੇ ਦੇਸੀ ਕੱਟਾ 315 ਬੋਰ ਸਮੇਤ 5 ਰੌਂਦ, ਸਾਜਨ ਨਈਅਰ ਦੇ ਕਬਜ਼ੇ 'ਚੋਂ 2 ਪਿਸਟਲ 32 ਬੋਰ ਸਮੇਤ 33 ਰੌਂਦ, 4 ਮੈਗਜ਼ੀਨ ਅਤੇ ਰਾਹੁਲ ਉਰਫ ਰੋਲਾ ਕੋਲੋਂ ਇਕ 32 ਬੋਰ ਦੀ ਰਿਵਾਲਵਰ ਸਮੇਤ 5 ਰੌਂਦ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਨੇ ਮੰਨਿਆ ਕਿ ਉਹ ਉੱਤਰ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆ ਕੇ ਪੰਜਾਬ ਦੇ ਕਈ ਜ਼ਿਲਿਆਂ 'ਚ ਕਤਲ, ਲੁੱਟਾਂ, ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਵਿਰੁੱਧ ਵੱਖ-ਵੱਖ ਜ਼ਿਲਿਆਂ ਦੇ ਥਾਣਿਆਂ 'ਚ ਰਾਹੁਲ ਉਰਫ ਰੋਲਾ ਵਿਰੁੱਧ 9 ਮੁਕੱਦਮੇ, ਸਾਜਨ ਨਈਅਰ ਵਿਰੁੱਧ 12 ਮੁਕੱਦਮੇ ਤੇ ਵਰਿੰਦਰ ਕੁਮਾਰ ਖਿਲਾਫ 5 ਮੁਕੱਦਮੇ ਦਰਜ ਹਨ। ਇਨ੍ਹਾਂ ਉਕਤ ਮੁਕੱਦਮਿਆਂ 'ਚੋਂ  ਇਹ ਵਿਅਕਤੀ 9 ਮੁਕੱਦਮਿਆਂ 'ਚ ਭਗੌੜੇ ਕਰਾਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਵੀ ਉਕਤ ਵਿਅਕਤੀ ਕਤਲ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਸਨ। ਇਨ੍ਹਾਂ 'ਚੋਂ 2 ਕਤਲਾਂ ਨੂੰ ਅੰਜਾਮ ਦੇਣ ਲਈ ਇਨ੍ਹਾਂ ਨੇ ਸੁਪਾਰੀ ਲਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ. ਪੀ. (ਐੱਚ) ਰਵਿੰਦਰਪਾਲ ਸਿੰਘ ਸੰਧੂ ਵੀ ਮੌਜੂਦ ਸਨ।


Related News