ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
Friday, Oct 21, 2022 - 06:56 PM (IST)
ਜਲੰਧਰ/ਭੋਗਪੁਰ (ਰਾਜੇਸ਼ ਸੂਰੀ, ਰਾਣਾ)- ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਭੋਗਪੁਰ ਵਿਖੇ ਪਿੰਡ ਕਾਲਾ ਬੱਕਰਾ ਪਿੰਡ ਤੋਂ ਸਾਹਮਣੇ ਆਇਆ ਹੈ। ਰੋਜ਼ੀ-ਰੋਟੀ ਲਈ ਇਟਲੀ ਗਏ ਬਲਾਕ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਦੇ 27 ਸਾਲਾ ਨੌਜਵਾਨ ਦਾ ਇਟਲੀ ਵਿਖੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਤਵੰਤ ਸਿੰਘ ਉਰਫ਼ ਜੰਗੀ ਵਜੋਂ ਹੋਈ ਹੈ, ਜੋਕਿ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਵਜੋਂ ਹੋਈ ਹੈ।
ਸਤਵੰਤ ਸਿੰਘ ਉਰਫ਼ ਜੰਗੀ ਦਾ ਪੰਜਾਬੀ ਭਾਈਚਾਰੇ ਦੇ ਹੀ 2 ਵਿਅਕਤੀਆਂ ਵੱਲੋ ਪਿੱਠ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਸਤਵੰਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਸੜਕ ਹਾਦਸੇ ‘ਚ ਮੌਤ ਹੋ ਚੁੱਕੀ ਹੈ। ਹੁਣ ਇਟਲੀ ‘ਚ ਪੁੱਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਵੇਂ ਹੀ ਇਹ ਖ਼ਬਰ ਪਰਿਵਾਰ ਤੱਕ ਪੁੱਜੀ, ਖ਼ਬਰ ਸੁਣਦੇ ਸਾਰ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦਾ ਦੀਵਾਲੀ ਤੋਹਫ਼ਾ, ਜਾਣੋ ਕੈਬਨਿਟ ’ਚ ਲਏ ਵੱਡੇ ਫ਼ੈਸਲੇ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਤਵੰਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਵਾਸੀ ਪਿੰਡ ਕਾਲਾ ਬੱਕਰਾ ਨੇ ਦੱਸਿਆ ਕਿ 17 ਅਕਤੂਬਰ ਨੂੰ ਸਤਵੰਤ ਸਿੰਘ ਦੀ ਸਿਹਤ ਠੀਕ ਨਹੀ ਸੀ। ਬੀ. ਪੀ. ਘੱਟ ਅਤੇ ਬੁਖ਼ਾਰ ਹੋਣ ਕਰਕੇ ਘਰ ਵਿੱਚ ਅਰਾਮ ਕਰ ਰਿਹਾ ਸੀ। ਸਤਵੰਤ ਸਿੰਘ ਦੇ ਨਾਲ ਮਕਾਨ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦੇ 50-55 ਸਾਲ ਦੀ ਉਮਰ ਦੇ 2 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉੱਚੀ ਆਵਾਜ਼ ਵਿੱਚ ਰੌਲਾ ਪਾ ਰਹੇ ਸਨ, ਜਿਨ੍ਹਾਂ ਨੂੰ ਰੋਕਣ ਲਈ ਜਦੋਂ ਸਤਵੰਤ ਸਿੰਘ ਉਨ੍ਹਾਂ ਕੋਲ ਗਿਆ ਤਾਂ ਬਹਿਸ ਹੋ ਗਈ। ਇਸ ਦੋਰਾਨ ਜਦੋਂ ਸਤਵੰਤ ਸਿੰਘ ਵਾਪਸ ਆਪਣੇ ਕਮਰੇ ‘ਚ ਮੁੜਨ ਲੱਗਾ ਤਾਂ ਉਨ੍ਹਾਂ ਵੱਲੋ ਪਿੱਠ 'ਤੇ ਛੁਰੇ ਨਾਲ ਕਈ ਵਾਰ ਕਰ ਦਿੱਤੇ, ਜਿੱਥੇ ਖ਼ੂਨ ਦਾ ਵਹਾਅ ਜ਼ਿਆਦਾ ਹੋਣ ਕਰਕੇ ਨੌਜਵਾਨ ਦੀ ਮੌਤ ਹੋ ਗਈ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੋਜਵਾਨ ਦਾ ਅੰਤਿਮ ਸੰਸਕਾਰ ਉਸ ਦੀ ਮਾਤਾ ਚਰਨਜੀਤ ਕੌਰ ਅਤੇ ਆਪ ਇਟਲੀ ਜਾ ਕੇ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਮ੍ਰਿਤਕ ਨੋਜਵਾਨ ਦੇ ਪਿਤਾ ਲਖਵੀਰ ਸਿੰਘ ਦੀ ਪਿਛਲੇ ਸਾਲ ਸੜਕੀ ਹਾਦਸੇ ਵਿੱਚ ਮੋਤ ਹੋ ਗਈ ਸੀ, ਜੋ ਪੰਜਾਬ ਪੁਲਸ ਵਿੱਚ ਨੌਕਰੀ ਕਰਦੇ ਸਨ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਵੰਤ ਸਿੰਘ ਉਰਫ਼ ਜੰਗੀ ਦਾ ਰਿਸ਼ਤਾ ਹੋ ਚੁੱਕਾ ਸੀ ਅਤੇ ਜਨਵਰੀ 2023 ਵਿੱਚ ਉਸ ਦਾ ਵਿਆਹ ਰੱਖਿਆ ਹੋਇਆ। ਇਕ ਸਾਲ ਅੰਦਰ ਪਿਉ-ਪੁੱਤਰ ਦੀਆਂ ਹੋਈਆਂ ਅਚਨਚੇਤ ਮੌਤਾਂ ਨੇ ਪਰਿਵਾਰ ਦੀਆਂ ਸਾਰੀਆਂ ਖ਼ੁਸ਼ੀਆ ਖੋਹ ਲਈਆਂ ਅਤੇ ਪਰਿਵਾਰਕ ਮੈਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਇਸ ਘਟਨਾ ਨਾਲ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਟਲੀ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ ਪੁੱਜੇ DGP ਗੌਰਵ ਯਾਦਵ ਬੋਲੇ, ਪੰਜਾਬ ਪੁਲਸ ਸੂਬੇ 'ਚ ਸ਼ਾਂਤੀ ਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ