ਪਾਇਲ ਦੇ ਪਿੰਡ ''ਚ ''ਬੀਮਾਰੀ'' ਨੇ ਮਚਾਈ ਹਾਹਾਕਾਰ, 2 ਮਹੀਨਿਆਂ ''ਚ ''25 ਮੌਤਾਂ''

12/18/2019 1:15:49 PM

ਪਾਇਲ (ਵਿਪਨ) : ਪਾਇਲ ਦੇ ਪਿੰਡ ਘਲੌਟੀ 'ਚ ਤੇਜ਼ ਬੁਖਾਰ ਅਤੇ ਸੈੱਲ ਘਟਣ ਕਾਰਨ 2 ਮਹੀਨਿਆਂ ਅੰਦਰ ਕਰੀਬ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਦੀ ਨੀਂਦ ਇਨ੍ਹਾਂ ਮੌਤਾਂ ਕਰਕੇ ਨਹੀਂ, ਸਗੋਂ ਸਰਕਾਰੀ ਸਕੂਲ ਤੋਂ ਆਈ ਇਕ ਚਿੱਠੀ ਕਾਰਨ ਖੁੱਲ੍ਹੀ ਹੈ, ਜਿਸ 'ਚ 25 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪਿੰਡ 'ਚ ਹੋਣ ਵਾਲੀਆਂ ਇਨ੍ਹਾਂ ਮੌਤਾਂ 'ਚ 3 ਮਹੀਨਿਆਂ ਦੇ ਬੱਚੇ ਤੋਂ ਲੈ ਕੇ 65 ਸਾਲਾਂ ਦੇ ਬਜ਼ੁਰਗ ਤੱਕ ਸ਼ਾਮਲ ਹਨ, ਜਿਨ੍ਹਾਂ 'ਚ ਜ਼ਿਆਦਾਤਰ ਮ੍ਰਿਤਕਾਂ ਦੀ ਉਮਰ 40 ਸਾਲ ਤੋਂ ਘੱਟ ਹੀ ਹੈ।

ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਂਗੂ ਕਾਰਨ ਕਈ ਮੌਤਾਂ ਹੋਈਆਂ ਹਨ ਅਤੇ ਡੇਂਗੂ ਦਾ ਲਾਰਵਾ ਅਜੇ ਵੀ ਮਿਲ ਰਿਹਾ ਹੈ ਪਰ ਜੇਕਰ ਵਿਭਾਗ ਸਮਾਂ ਰਹਿੰਦੇ ਜਾਗ ਜਾਂਦਾ ਤਾਂ ਇਨ੍ਹਾਂ ਘਰਾਂ ਦੇ ਚਿਰਾਗ ਬੁਝਣੋਂ ਬਚ ਜਾਂਦੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਡੇਂਗੂ ਅਤੇ ਬੁਖਾਰ ਕਰਕੇ ਕਰੀਬ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ ਅਤੇ ਪਿੰਡ ਵਾਸੀਆਂ ਨੂੰ ਸਿਹਤ ਸਹੂਲਤਾਵਾਂ ਲਈ ਨਿਜੀ ਹਸਪਤਾਲਾਂ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਪਿੰਡ ਵਾਸੀ ਸੁਰਿੰਦਰ ਸਿੰਘ ਤੇ ਹਰਜਿੰਦਰ ਕੌਰ ਦੇ ਦੋ ਬੇਟਿਆਂ ਦੀ ਬੁਖਾਰ ਨਾਲ ਮੌਤ ਹੋਈ ਹੈ।

ਦੋਹਾਂ ਦਾ ਕਹਿਣਾ ਹੈ ਕਿ ਡੇਂਗੂ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋਈ ਹੈ ਅਤੇ ਮ੍ਰਿਤਕ ਬੱਚਿਆਂ ਦੀ ਦਾਦੀ ਆਪਣੇ ਪੋਤਿਆਂ ਦੇ ਗਮ ਨੂੰ ਭੁਲਾ ਨਹੀਂ ਪਾ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇੰਨੀਆਂ ਮੌਤਾਂ ਹੋਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਪਿੰਡ ਪੁੱਜੀ ਹੈ। ਪਿੰਡ ਦੇ ਅਮਨਦੀਪ ਸਿੰਘ ਦੇ 3 ਮਹੀਨਿਆਂ ਦੇ ਬੱਚੇ ਨੇ 31 ਅਕਤੂਬਰ ਨੂੰ ਦਮ ਤੋੜ ਦਿੱਤਾ, ਜਦੋਂ ਕਿ ਜਸਵਿੰਦਰ ਕੌਰ ਦੇ ਪਤੀ ਨੇ ਵੀ ਇਸ ਬੀਮਾਰੀ ਦੇ ਚੱਲਦਿਆਂ ਦਮ ਤੋੜ ਦਿੱਤਾ, ਜੋ ਕਿ ਘਰ 'ਚ ਇਕੱਲਾ ਕਮਾਉਣ ਵਾਲਾ ਸੀ। ਦੂਜੇ ਪਾਸੇ ਪਿੰਡ ਦੀ ਡਿਸਪੈਂਸਰੀ 'ਚ ਮੌਜੂਦ ਸਿਹਤ ਵਿਭਾਗ ਦੇ ਵਰਕਰ ਸਤਵਿੰਦਰ ਸਿੰਘ ਨੇ ਇਹ ਤਾਂ ਮੰਨਿਆ ਕਿ ਪਿੰਡ 'ਚ ਡੇਂਗੂ ਦਾ ਲਾਰਵਾ ਮਿਲਿਆ ਹੈ ਅਤੇ ਕੁਝ ਮੌਤਾਂ ਦਾ ਕਾਰਨ ਡੇਂਗੂ ਦੱਸਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅਜੇ ਤੱਕ ਬਾਕੀ ਰਿਪੋਰਟਾਂ ਉਸ ਕੋਲ ਨਹੀਂ ਆਈਆਂ ਹਨ।


Babita

Content Editor

Related News