24 ਸਾਲਾ ਬਾਅਦ ਵਿਧਵਾ ਨੂੰ ਮਿਲਿਆ ਪਤੀ ਦੀ ਮੌਤ ਦਾ ਸਰਟੀਫਿਕੇਟ

Thursday, Aug 08, 2019 - 11:02 PM (IST)

24 ਸਾਲਾ ਬਾਅਦ ਵਿਧਵਾ ਨੂੰ ਮਿਲਿਆ ਪਤੀ ਦੀ ਮੌਤ ਦਾ ਸਰਟੀਫਿਕੇਟ

ਸੰਗਰੂਰ (ਬੇਦੀ)- ਇਕ ਵਿਧਵਾ ਨੂੰ 24 ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ (ਡੀ. ਐੱਲ. ਐੱਸ. ਏ.) ਦੀ ਮਦਦ ਨਾਲ ਆਪਣੇ ਪਤੀ ਦੀ ਮੌਤ ਦਾ ਸਰਟੀਫਿਕੇਟ ਹਾਸਲ ਹੋਇਆ ਹੈ। ਦੱਸਣਯੋਗ ਹੈ ਕਿ ਛਾਜਲੀ ਨਿਵਾਸੀ ਪੰਜਾਬ ਹੋਮ ਗਾਰਡ ਦੇ ਵਲੰਟੀਅਰ ਲੀਲਾ ਸਿੰਘ ਦੀ ਲਾਸ਼ ਨੂੰ 1995 'ਚ ਉਗਰਾਹਾਂ ਪਿੰਡ ਨੇੜੇ ਨਹਿਰ 'ਚੋਂ ਬਰਾਮਦ ਹੋਈ ਸੀ। ਲੀਲਾ ਸਿੰਘ ਉਸ ਵੇਲੇ ਜ਼ਿਲੇ ਦੀ ਧਰਮਗੜ੍ਹ ਪੁਲਸ ਚੌਕੀ ਵਿਚ ਤਾਇਨਾਤ ਸਨ।

ਜਾਣਕਾਰੀ ਮਿਲਣ ਤੋਂ ਬਾਅਦ ਉਸਦੀ ਪਤਨੀ ਨਿਰਮਲਾ ਦੇਵੀ (49) ਅਤੇ ਭੈਣ ਅਮਰਜੀਤ ਕੌਰ ਨੇ ਲਾਸ਼ ਦੀ ਪਛਾਣ ਕੀਤੀ ਸੀ ਅਤੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੇ ਲਾਸ਼ ਦਾ ਸਸਕਾਰ ਕਰ ਦਿੱਤਾ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਲੈ ਲਏ। ਸੰਗਰੂਰ ਦੇ ਡੀ. ਐੱਲ. ਐੱਸ. ਏ. ਦਫਤਰ ਤੋਂ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਲੀਲਾ ਸਿੰਘ ਦੀ ਭੈਣ ਅਮਰਜੀਤ ਨੇ ਦੋਸ਼ ਲਾਇਆ ਕਿ ਅਧਿਕਾਰੀ ਕਈ ਸਾਲਾਂ ਤੋਂ ਉਨ੍ਹਾਂ ਨੂੰ ਗੁੰਮਰਾਹ ਕਰਦੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਨਿਰਮਲਾ ਦੇਵੀ (ਲੀਲਾ ਸਿੰਘ ਦੀ ਪਤਨੀ) ਨਾਲ ਮਿਲ ਕੇ ਆਪਣੇ ਭਰਾ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਲਈ ਸੰਗਰੂਰ, ਸੁਨਾਮ ਅਤੇ ਚੰਡੀਗੜ੍ਹ ਵਿਚ ਲਗਭਗ ਸਾਰੇ ਦਫਤਰਾਂ ਵਿਚ ਵਾਰ-ਵਾਰ ਚੱਕਰ ਲਾਏ ਪਰ ਕਿਸੇ ਨੇ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ।

ਨਿਰਮਲਾ ਦੇਵੀ ਨੇ ਦੋਸ਼ ਲਾਇਆ ਕਿ ਉਸ ਨੂੰ ਨਾ ਤਾਂ ਕੋਈ ਵਿੱਤੀ ਸਹਾਇਤਾ ਮਿਲੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੀ ਸਮਾਜ ਭਲਾਈ ਸਕੀਮ ਦਾ ਕੋਈ ਲਾਭ ਮਿਲਿਆ ਹੈ ਕਿਉਂਕਿ ਜਦੋਂ ਵੀ ਉਹ ਕਿਸੇ ਅਧਿਕਾਰੀ ਤੋਂ ਮਦਦ ਲਈ ਜਾਂਦੀ ਸੀ ਤਾਂ ਉਹ ਉਸ ਦੇ ਪਤੀ ਦੀ ਮੌਤ ਦੇ ਸਰਟੀਫਿਕੇਟ ਦੀ ਮੰਗ ਕਰਦੇ ਸਨ। ਨਿਮਰਲਾ ਨੇ ਕਿਹਾ ਕਿ ਜਦੋਂ ਤੋਂ ਉਸ ਦੇ ਪਤੀ ਦੀ ਮੌਤ ਹੋਈ ਹੈ, ਉਹ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਮਿਲੀ ਸੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਛਾਜਲਾ ਪਿੰਡ ਵਿਖੇ ਡੀ. ਐੱਲ. ਐੱਸ. ਏ. ਵੱਲੋਂ ਇਕ ਸੈਮੀਨਾਰ ਲਾਇਆ ਗਿਆ ਸੀ, ਜਦੋਂ ਉਹ ਪੈਰਾ ਲੀਗਲ ਵਲੰਟੀਅਰ (ਪੀ. ਐੱਲ. ਵੀ.) ਕੋਲ ਗਈ ਤਾਂ ਉਸ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਉਸ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਸਨ। ਪੀ. ਐੱਲ. ਵੀ. ਸੁਰਿੰਦਰ ਸਿੰਘ ਨੇ ਕਿਹਾ ਕਿ ਸਰਟੀਫਿਕੇਟ 28 ਜੂਨ ਨੂੰ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਡੀ. ਐੱਲ. ਐੱਸ. ਏ. ਦਫ਼ਤਰ ਤੋਂ ਸੋਮਵਾਰ ਨੂੰ ਪ੍ਰਾਪਤ ਕੀਤਾ।


author

Karan Kumar

Content Editor

Related News