ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ 4 ਸਾਲਾਂ ’ਚ ਮਿਲੇ 24 ਕਰੋੜ, ਲੋਕਸਭਾ ’ਚ ਇਕ ਸਵਾਲ ਦੇ ਜਵਾਬ ’ਚ ਦਿੱਤੀ ਜਾਣਕਾਰੀ

Sunday, Jul 30, 2023 - 03:29 PM (IST)

ਚੰਡੀਗੜ੍ਹ (ਰਾਜਿੰਦਰ) : ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਵਲੋਂ ਯੂ. ਟੀ. ਪ੍ਰਸ਼ਾਸਨ ਨੂੰ ਚਾਰ ਸਾਲ ’ਚ 24.76 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਪਰ ਬਾਵਜੂਦ ਇਸ ਦੇ ਸ਼ਹਿਰ ’ਚ ਲਗਾਤਾਰ ਹਵਾ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ। 2022-23 ਵਿੱਤੀ ਸਾਲ ਲਈ ਹੀ 6.87 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਤਾਂ ਕਿ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੇ ਤਹਿਤ ਪ੍ਰਸ਼ਾਸਨ ਚੰਡੀਗੜ੍ਹ ਵਿਚ ਵੀ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਈ ਉੱਚਿਤ ਕਦਮ ਚੁੱਕ ਸਕੇ। ਹਾਲ ਹੀ ਵਿਚ ਸੈਂਟਰਲ ਪਾਲਿਊਸ਼ਨ ਕੰਟਰੋਲ ਬੋਰਡ ਨੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ 2023-24 ਲਈ ਵੀ 10 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਸੀ, ਜਿਸ ਲਈ ਯੂ. ਟੀ. ਪ੍ਰਸ਼ਾਸਨ ਨੂੰ ਚਿੱਠੀ ਜਾਰੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਚੰਡੀਗੜ੍ਹ ਵਿਚ ਕਈ ਹਿੱਤਧਾਰਕ ਵਿਭਾਗ ਹਨ, ਜਿਨ੍ਹਾਂ ਵਿਚ ਨਗਰ ਨਿਗਮ, ਸਟੇਟ ਟਰਾਂਸਪੋਰਟ ਅਥਾਰਟੀ, ਡਿਪਾਰਟਮੈਂਟ ਆਫ਼ ਅਰਬਨ ਪਲਾਨਿੰਗ, ਚੰਡੀਗੜ੍ਹ ਟ੍ਰੈਫ਼ਿਕ ਪੁਲਸ, ਵਣ ਅਤੇ ਵਣਜੀਵ ਵਿਭਾਗ ਅਤੇ ਯੂ. ਟੀ. ਇੰਜੀਨੀਅਰਿੰਗ ਵਿਭਾਗ ਸ਼ਾਮਲ ਹਨ। ਇਨ੍ਹਾਂ ਵਿਭਾਗਾਂ ਨੂੰ ਸੀ. ਪੀ. ਸੀ. ਸੀ. ਵਲੋਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਗ੍ਰਾਂਟ ਜਾਰੀ ਕੀਤੀ ਜਾਂਦੀ ਹੈ, ਉਸ ਦੇ ਤਹਿਤ ਕੇਂਦਰ ਪ੍ਰਸ਼ਾਸਨ ਨੂੰ ਇਹ ਗ੍ਰਾਂਟ ਜਾਰੀ ਕਰਦਾ ਹੈ। ਲੋਕਸਭਾ ’ਚ ਇਕ ਪ੍ਰਸ਼ਨ ਦੇ ਜਵਾਬ ਵਿਚ ਵਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਵਲੋਂ ਦਿੱਤੇ ਜਵਾਬ ਵਿਚ ਦੱਸਿਆ ਗਿਆ ਕਿ ਚੰਡੀਗੜ੍ਹ ਨੂੰ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚਾਰ ਸਾਲ ਵਿਚ 24.76 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਵਿਚ ਸਭ ਤੋਂ ਜ਼ਿਆਦਾ 8.28 ਕਰੋੜ ਰੁਪਏ 2019-20 ਵਿਚ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਹੁਣ 2023-24 ਤਹਿਤ ਸਭ ਤੋਂ ਜ਼ਿਆਦਾ 10 ਕਰੋੜ ਰੁਪਏ ਜਾਰੀ ਕਰਨ ਦਾ ਹਾਲ ਹੀ ਵਿਚ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬੀਮਾ ਕੰਪਨੀ ਨੇ ਖਾਰਜ ਕੀਤਾ 86,250 ਰੁਪਏ ਦਾ ਮੈਡੀਕਲੇਮ, ਕਮਿਸ਼ਨ ਨੇ 9 ਫੀਸਦੀ ਵਿਆਜ ਨਾਲ ਭੁਗਤਾਨ ਕਰਨ ਦਾ ਦਿੱਤਾ ਹੁਕਮ

ਸ਼ਹਿਰ ’ਚ ਕਈ ਪ੍ਰਾਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿਚ ਮਕੈਨੀਕਲ ਸਟ੍ਰੀਟ ਸਵੀਪਿੰਗ ਮਸ਼ੀਨਾਂ ਦੀ ਵਰਤੋਂ, ਪਾਣੀ ਦੇ ਛਿੜਕਾਅ, ਵੱਖ-ਵੱਖ ਹਿੱਸਿਆਂ ਵਿਚ ਹਰਿਆਲੀ ਅਤੇ ਪੇਵਿੰਗ ਗਤੀਵਿਧੀਆਂ, ਆਟੋਮੈਟਿਕ ਏਅਰ ਕੁਆਲਿਟੀ ਮੋਨੀਟਰਿੰਗ ਸਟੇਸ਼ਨਾਂ ਦੀ ਸਥਾਪਨਾ, ਜਨਤਾ ਨੂੰ ਹਵਾ ਗੁਣਵੱਤਾ ਸਬੰਧੀ ਜਾਗਰੂਕ ਕਰਨਾ ਅਤੇ ਵੱਖ-ਵੱਖ ਜਗ੍ਹਾ ਜਾਗਰੂਕਤਾ ਸਬੰਧੀ ਅਜਿਹੀਆਂ ਗਤੀਵਿਧੀਆਂ ਚਲਾਉਣਾ ਆਦਿ ਸ਼ਾਮਲ ਹੈ। ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਕਮੇਟੀ ਅਨੁਸਾਰ ਨਿਗਮ ਨੂੰ ਮਕੈਨੀਕਲ ਸਟ੍ਰੀਟ ਸਵੀਪਿੰਗ ਮਸ਼ੀਨ ਅਤੇ ਐਂਟੀ ਸਮਾਗ ਗੰਨ ਖਰੀਦਣ ਲਈ ਅੱਗੇ ਵੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਮਕੈਨੀਕਲ ਸਟ੍ਰੀਟ ਸਵੀਪਿੰਗ ਮਸ਼ੀਨ, ਜੋ ਮੋਟਰ ਨਾਲ ਚਲਦੀ ਹੈ ਅਤੇ ਇਸ ਵਿਚ ਸਕਸ਼ਨ ਕੱਪ ਹੁੰਦੇ ਹਨ, ਦੀ ਵਰਤੋਂ ਸੜਕਾਂ ਅਤੇ ਹੋਰ ਸਤ੍ਹਾ ਨੂੰ ਬੜੀ ਕੁਸ਼ਲਤਾ ਨਾਲ ਸਾਫ਼ ਕਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ, ਮਾਲਕ ਮ੍ਰਿਤਕ ਹਾਲਤ ’ਚ ਬੱਚੇ ਨੂੰ ਘਰ ਛੱਡ ਕੇ ਹੋਇਆ ਫਰਾਰ

ਸ਼ਹਿਰ ’ਚ ਤੇਜ਼ੀ ਨਾਲ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ
ਜਨਸੰਖਿਆ ਅਤੇ ਵਾਹਨਾਂ ਵਿਚ ਤੇਜ਼ੀ ਨਾਲ ਵਾਧੇ ਕਾਰਨ ਸ਼ਹਿਰ ਵਿਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ, ਜਿਸ ਨਾਲ ਪ੍ਰਸ਼ਾਸਨ ਦੇ ਸਾਹਮਣੇ ਇਕ ਨਵੀਂ ਚੁਣੌਤੀ ਪੈਦਾ ਹੋ ਗਈ ਹੈ। ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਕਾਰਨ ਹਨ। ਹਵਾ ਪ੍ਰਦੂਸ਼ਣ ਦੇ ਸਰੋਤਾਂ ਵਿਚ ਪ੍ਰਮੁੱਖ ਰੂਪ ਨਾਲ ਵਾਹਨ, ਉਦਯੋਗ, ਘਰੇਲੂ ਅਤੇ ਕੁਦਰਤੀ ਸਰੋਤ ਸ਼ਾਮਲ ਹਨ। ਹਵਾ ਵਿਚ ਪ੍ਰਦੂਸ਼ਣ ਹੋਣ ਕਾਰਨ ਇਹ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਦਾ ਅਸਰ ਵੀ ਚੰਡੀਗੜ੍ਹ ਵਿਚ ਸਾਫ਼ ਦੇਖਣ ਨੂੰ ਮਿਲਿਆ ਸੀ। ਨਵੰਬਰ ਮਹੀਨੇ ਵਿਚ ਇਕ ਦਿਨ ਸ਼ਹਿਰ ਦਾ ਏਅਰ ਕੁਅਾਲਿਟੀ ਇੰਡੈਕਸ 400 ਤਕ ਪਹੁੰਚ ਗਿਆ ਸੀ, ਜਿਸ ਨੂੰ ਸਾਹ ਦੇ ਮਰੀਜ਼ਾਂ ਲਈ ਖਤਰਨਾਕ ਮੰਨਿਆ ਜਾਂਦਾ ਹੈ। ਕੁਝ ਏਰੀਆ ਵਿਚ ਇਹ 400 ਤੋਂ ਉੱਪਰ ਵੀ ਦਰਜ ਕੀਤਾ ਗਿਆ ਸੀ। ਉਦੋਂ ਸੈਕਟਰ-22 ਦੇ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ ’ਤੇ ਸ਼ਾਮ ਸਮੇਂ 410 ਦੇ ਕਰੀਬ ਏਅਰ ਕੁਆਲਿਟੀ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਸੈਕਟਰ-53 ਮਾਨੀਟਰਿੰਗ ਸਟੇਸ਼ਨ ’ਤੇ 452 ਦਰਜ ਕੀਤੀ ਗਈ ਸੀ। ਪਿਛਲੀ ਵਾਰ ਦੀਵਾਲੀ ’ਤੇ ਵੀ ਸੈਕਟਰ-22 ਅਤੇ ਇਮਟੈੱਕ ਵਿਚ ਸਭ ਤੋਂ ਜ਼ਿਆਦਾ ਹਵਾ ਦਾ ਪ੍ਰਦੂਸ਼ਣ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪਤੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ 3 ਬੱਚਿਆਂ ਦੀ ਮਾਂ ਨੇ ਕੀਤੀ ਖੁਦਕੁਸ਼ੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News