ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 231 ਨਵੇਂ ਮਾਮਲੇ ਆਏ ਸਾਹਮਣੇ, 12 ਦੀ ਮੌਤ

09/25/2020 12:08:44 AM

ਲੁਧਿਆਣਾ, (ਸਹਿਗਲ)- ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਵਿਚ 231 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ ਇਨ੍ਹਾਂ ਵਿਚੋਂ 12 ਦੀ ਮੌਤ ਹੋ ਗਈ। ਸਿਹਤ ਵਿਭਾਗ ਮੁਤਾਬਕ ਇਨ੍ਹਾਂ 231 ਮਰੀਜ਼ਾਂ ’ਚੋਂ 191 ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ 40 ਦੂਜੇ ਜ਼ਿਲਿਆਂ ਨਾਲ ਸਬੰਧਤ ਸਨ। ਇਸੇ ਤਰ੍ਹਾਂ 12 ਮ੍ਰਿਤਕ ਪਰਿਵਾਰਾਂ ਵਿਚ 7 ਜ਼ਿਲੇ ਨਾਲ ਸਬੰਧਤ ਸਨ, ਜਦੋਂਕਿ 5 ਦੂਜੇ ਜ਼ਿਲਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਸਨ। ਹੁਣ ਤੱਕ ਮਹਾਨਗਰ ਵਿਚ 16,974 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 695 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2020 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਤੋਂ ਸਥਾਨਕ ਹਸਪਤਾਲਾਂ ’ਚ ਦਾਖਲ ਹੋਏ। ਇਨ੍ਹਾਂ ਵਿਚੋਂ 214 ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਮੁਤਾਬਕ ਹੁਣ ਤੱਕ 14,739 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕੀਤਾ ਜਾ ਚੁੱਕਾ ਹੈ ਅਤੇ ਜ਼ਿਲੇ ਵਿਚ ਸਿਰਫ 1540 ਐਕਟਿਵ ਮਰੀਜ਼ ਹਨ। ਸਾਹਮਣੇ ਆਏ ਮਰੀਜ਼ਾਂ ਵਿਚ 9 ਪੁਲਸ ਮੁਲਾਜ਼ਮ, 2 ਗਰਭਵਤੀ ਔਰਤਾਂ, 2 ਹੈਲਥ ਵਰਕਰ ਵੀ ਸ਼ਾਮਲ ਹਨ।

1 ਅਕਤੂਬਰ ਤੋਂ ਹੋਵੇਗਾ ਸਿਰਫ 4 ਸਰਕਾਰੀ ਹਸਪਤਾਲਾਂ ’ਚ ਇਲਾਜ, ਸਿਰਫ 400 ਬੈੱਡ ਰਾਖਵੇਂ

ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਆ ਰਹੀ ਕਮੀ ਦੇ ਮੱਦੇਨਜ਼ਰ ਜ਼ਿਲ੍ਹਾ ਸਿਹਤ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਜੇ ਇਹ ਇਸੇ ਤਰ੍ਹਾਂ ਜਾਰੀ ਰਹੀ ਤਾਂ 1 ਅਕਤੂਬਰ ਤੋਂ ਸਿਰਫ 4 ਸਰਕਾਰੀ ਹਸਪਤਾਲਾਂ ’ਚ 400 ਬੈੱਡ ਰਾਖਵੇਂ ਰੱਖ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਦੀ ਕਮੀ ਦਾ ਜੇਕਰ ਇਹੀ ਦੌਰ ਜਾਰੀ ਰਿਹਾ ਤਾਂ ਸਿਵਲ ਹਸਪਤਾਲ ਵਿਚ 150 ਬੈੱਡ, ਯੂ. ਸੀ. ਐੱਚ. ਸੀ. ਵਰਧਮਾਨ ਵਿਚ ਲੈਵਲ-2 ਦੇ 100 ਬੈੱਡ, ਮੈਰੀਟੋਰੀਅਸ ਸਕੂਲ ਵਿਚ ਲੈਵਲ-1 ਦੇ 100 ਬੈੱਡ, ਕੁਲਾਰ ਨਰਸਿੰਗ ਲੈਵਲ-2 ਦੇ 50 ਬੈੱਡ ਰਾਖਵੇਂ ਰੱਖੇ ਜਾਣਗੇ। ਇਹ ਪੁੱਛਣ ’ਤੇ ਕਿ ਜੇਕਰ ਮਰੀਜ਼ਾਂ ਦੀ ਗਿਣਤੀ ਫਿਰ ਵਧ ਗਈ ਤਾਂ ਇਸ ’ਤੇ ਸਿਵਲ ਸਰਜਨ ਨੇ ਕਿਹਾ ਕਿ 24 ਤੋਂ 48 ਘੰਟਿਆਂ ਅੰਦਰ ਹੀ 1 ਤਰੀਕ ਤੋਂ 2100 ਬੈੱਡ ਦੀ ਵਿਵਸਥਾ ਮੁੜ ਲਾਗੂ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਈ ਹੈ, ਜਿਸ ਦੌਰਾਨ ਆਈਸੋਲੇਸ਼ਨ ਸੈਂਟਰ ਅਤੇ ਹਸਪਤਾਲਾਂ ਵਿਚ ਬਿਸਤਰੇ ਖਾਲੀ ਪਏ ਹੋਏ ਸਨ ਅਤੇ ਮਰੀਜ਼ ਘੱਟ ਆ ਰਹੇ ਸਨ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਬਾਕੀ ਥਾਵਾਂ ’ਤੇ ਤਾਇਨਾਤ ਸਟਾਫ ਨੂੰ ਇਨ੍ਹਾਂ 4 ਸਰਕਾਰੀ ਹਸਪਤਾਲਾਂ ਅਤੇ ਹੋਰਨਾਂ ਕੰਮਾਂ ’ਚ ਲਾਇਆ ਜਾਵੇਗਾ ਤਾਂ ਕਿ ਸਿਹਤ ਵਿਭਾਗ ਦੇ ਸਾਰੇ ਕੰਮ ਸੁਚਾਰੂ ਰੂਪ ’ਚ ਚੱਲ ਸਕਣ। ਗੌਰਤਲਬ ਹੈ ਕਿ ਸਰਕਾਰੀ ਹਸਪਤਾਲਾਂ ’ਚ ਚੱਲ ਰਹੀ ਸਟਾਫ ਦੀ ਸ਼ਾਰਟੇਜ ਨੂੰ ਹੋਰ ਸੈਂਟਰ ਬੰਦ ਕਰ ਕੇ ਪੂਰਾ ਕੀਤਾ ਜਾਵੇਗਾ।

ਰੈਪਿਡ ਐਂਟੀਜਨ ਟੈਸਟ ’ਚ ਫਾਲਸ ਨੈਗੇਟਿਵ ਆਉਂਦੇ ਹਨ ਜ਼ਿਆਦਾ : ਮਾਹਿਰ

ਸਿਹਤ ਵਿਭਾਗ ਵੱਲੋਂ ਹੁਣ ਤੱਕ ਲੋਕਾਂ ਦੇ ਕੀਤੇ ਗਏ 2,47,698 ਟੈਸਟਾਂ ’ਚੋਂ 95,700 ਦਾ ਟੈਸਟ ਰੈਪਿਡ ਐਂਟੀਜਨ ਵਿਧੀ ਨਾਲ ਕੀਤੇ ਗਏ ਹਨ। ਮਾਹਿਰਾਂ ਦੀ ਮੰਨੀਏ ਤਾਂ ਰੈਪਿਡ ਐਂਟੀਜਨ ਟੈਸਟ ਫਾਲਸ ਨੈਗੇਟਿਵ ਰਿਜ਼ਲਟ ਜ਼ਿਆਦਾ ਦਿੰਦਾ ਹੈ। ਸਭ ਤੋਂ ਭਰੋਸੇਮੰਦ ਜਾਂਚ ਵਿਧੀ ਆਰ. ਟੀ. ਪੀ. ਸੀ. ਆਰ. ਹੀ ਮੰਨੀ ਗਈ ਹੈ ਪਰ ਜਿੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਵੇ, ਉਥੇ ਰੈਪਿਡ ਐਂਟੀਜਨ ਟੈਸਟ ਨੂੰ ਵੀ ਸਪੋਰਟ ਦੇ ਤੌਰ ’ਤੇ ਸ਼ੁਰੂ ਕੀਤਾ ਜਾਂਦਾ ਹੈ ਕਿਉਂਕਿ ਇਸ ਦੇ ਨਤੀਜੇ ਜਲਦ ਆ ਜਾਂਦੇ ਹਨ। ਇਸ ਵਿਧੀ ਤੋਂ ਬਹੁਤ ਵਾਰ ਮਰੀਜ਼ ਪਾਜ਼ੇਟਿਵ ਹੁੰਦੇ ਹੋਏ ਵੀ ਨੈਗੇਟਿਵ ਆ ਜਾਂਦਾ ਹੈ। ਅਜਿਹੇ ਕਈ ਕੇਸ ਸਾਹਮਣੇ ਆ ਚੁੱਕੇ ਹਨ, ਜਿਸ ਵਿਚ ਮਰੀਜ਼ ਨੇ ਰੈਪਿਡ ਐਂਟੀਜਨ ਟੈਸਟ ਕੀਤੇ ਤਾਂ ਉਹ ਨੈਗੇਟਿਵ ਆ ਗਿਆ ਅਤੇ ਜੇਕਰ ਕਿਤੇ ਹੋਰ ਜਗ੍ਹਾ ਤੋਂ ਆਰ. ਟੀ. ਪੀ. ਸੀ. ਆਰ. ਵਿਧੀ ਨਾਲ ਜਾਂਚ ਕਰਵਾਈ ਤਾਂ ਪਾਜ਼ੇਟਿਵ ਆ ਗਿਆ।

ਨਿੱਜੀ ਹਸਪਤਾਲ ਫੁਲ ਵਾਰ-ਵਾਰ ਹੋ ਜਾਂਦੀ ਹੈ ਐਡਮਿਸ਼ਨ ਬੰਦ

ਇਕ ਪਾਸੇ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਉਣ ਕਾਰਨ ਸਰਕਾਰੀ ਹਸਪਤਾਲਾਂ ਅਤੇ ਬਿਸਤਰਿਆਂ ਦੀ ਗਿਣਤੀ ਨੂੰ ਸੀਮਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼ਹਿਰ ਦੇ ਕਈ ਵੱਡੇ ਹਸਪਤਾਲ ਅਜਿਹੇ ਹਨ, ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਸਾਹਮਣੇ ਆ ਰਹੀ ਹੈ ਅਤੇ ਇਸ ਵਧਦੀ ਗਿਣਤੀ ਕਾਰਨ ਹਸਪਤਾਲਾਂ ਐਡਮਿਸ਼ਨ ਬੰਦ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਾਂ ਮਰੀਜ਼ਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਦਯਾਨੰਦ ਹਸਪਤਾਲ ’ਚ ਬੁੱਧਵਾਰ ਦੀ ਰਾਤ ਨੂੰ ਕੁਝ ਘੰਟਿਆਂ ਲਈ ਦਾਖਲਾ ਬੰਦ ਰਿਹਾ।

15 ਮਰੀਜ਼ਾਂ ਨੂੰ ਛੱਡ ਕੇ ਬਾਕੀ ਮਰੀਜ਼ਾਂ ਦੇ ਸੰਪਰਕਾਂ ਦਾ ਨਹੀਂ ਲੱਗ ਪਤਾ

ਜ਼ਿਲੇ ਵਿਚ ਸਾਹਮਣੇ ਆਏ 231 ਮਰੀਜ਼ਾਂ ਵਿਚ ਸਿਰਫ 15 ਮਰੀਜ਼ਾਂ ਹੋਰ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ, ਜਦੋਂਕਿ ਬਾਕੀ ਮਰੀਜ਼ਾਂ ਦੇ ਸੰਪਰਕਾਂ ਸਬੰਧੀ ਸਿਹਤ ਵਿਭਾਗ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇਸ ਤੋਂ ਪਤਾ ਲਗਦਾ ਹੈ ਕਿ ਬਿਨਾਂ ਕਿਸੇ ਦੇ ਸੰਪਰਕ ਵਿਚ ਆਏ ਮਰੀਜ਼ਾਂ ਦੀ ਗਿਣਤੀ ਕਾਫੀ ਹੈ।

5079 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 5079 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਾਰਿਆਂ ਦੇ 1920 ਸੈਂਪਲ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ।

180 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 180 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਮੌਜੂਦਾ ਵਿਚ 4054 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਰਾਏਕੋਟ        72 ਸਾਲਾ ਪੁਰਸ਼        ਅਰੋੜਾ ਨਿਊਰੋ

ਦੁਰਗਾਪੁਰੀ        68 ਸਾਲਾ ਪੁਰਸ਼        ਐੱਸ. ਪੀ. ਐੱਸ.

ਸਿਵਲ ਸਿਟੀ        70 ਸਾਲਾ ਪੁਰਸ਼        ਡੀ. ਐੱਮ. ਸੀ.

ਗਗਨਦੀਪ ਕਾਲੋਨੀ        59 ਸਾਲਾ ਪੁਰਸ਼        ਡੀ. ਐੱਮ. ਸੀ.

ਅਰਬਨ ਅਸਟੇਟ        81 ਸਾਲਾ ਪੁਰਸ਼        ਆਸਥਾ ਹਸਪਤਾਲ

ਟਿੱਬਾ ਰੋਡ        60 ਸਾਲਾ ਪੁਰਸ਼        ਸੀ. ਐੱਮ. ਸੀ.

ਢੰਡਾਰੀ ਕਲਾਂ        29 ਸਾਲਾ ਔਰਤ        ਸੀ. ਐੱਮ. ਸੀ.


Bharat Thapa

Content Editor

Related News