ਦੁਬਈ ’ਚ ਫਸੇ 23 ਭਾਰਤੀਆਂ ਨੂੰ ਘਰ ਵਾਪਸੀ ਲਈ ਮਿਲੇ ਵੀਜ਼ੇ

Wednesday, Oct 10, 2018 - 07:56 AM (IST)

ਦੁਬਈ ’ਚ ਫਸੇ 23 ਭਾਰਤੀਆਂ ਨੂੰ ਘਰ ਵਾਪਸੀ ਲਈ ਮਿਲੇ ਵੀਜ਼ੇ

ਪਟਿਆਲਾ (ਪਰਮੀਤ)- ਭਾਰਤ ਸਰਕਾਰ ਨੇ ਟਰੈਵਲ ਏਜੰਟਾਂ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਮਗਰੋਂ ਦੁਬਈ ਵਿਚ ਫਸੇ 23 ਭਾਰਤੀਆਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ, ਜਿਸ ਸਦਕਾ ਹੁਣ ਉਹ ਵਾਪਸ ਘਰ ਪਰਤ ਸਕਣਗੇ। ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਉਠਾਇਆ ਸੀ।
ਸ.  ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਹੈ ਕਿ ਦੁਬਈ ਵਿਚ ਭਾਰਤੀ ਅੰਬੈਸੀ ਨੇ ਬਹੁਤੇ ਭਾਰਤੀਆਂ ਦੇ ਪਾਸਪੋਰਟ ’ਤੇ ਵੀਜ਼ਾ ਮੋਹਰਾਂ ਲਾ ਦਿੱਤੀਆਂ ਹਨ। ਕੰਪਨੀ ਨੇ ਹੁਣ ਵਰਕਰਾਂ ਦੀ ਇੱਛਾ ਮੁਤਾਬਕ ਉਨ੍ਹਾਂ ਨੂੰ 1 ਤੋਂ 2 ਮਹੀਨਿਅਾਂ ਦੀ ਛੁੱਟੀ ਦੇਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਮਲ ਨਾਂ ਦਾ ਇਕ ਵਿਅਕਤੀ ਬੀਤੇ ਦਿਨ ਘਰ ਵਾਪਸੀ ਲਈ ਰਵਾਨਾ ਵੀ ਹੋ ਗਿਆ ਹੈ। ਬਾਕੀ ਵੀ ਜਲਦ ਹੀ ਘਰ ਪਰਤਣਗੇ।


ਮਨਜਿੰਦਰ ਸਿਰਸਾ ਨੇ ਸੁਸ਼ਮਾ ਸਵਰਾਜ ਕੋਲ ਉਠਾਇਆ ਸੀ ਮਾਮਲਾ- 
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਸ਼੍ਰੀਮਤੀ ਸਵਰਾਜ ਕੋਲ ਉਠਾਇਆ ਸੀ। ਮੰਤਰਾਲੇ ਨੇ ਤੇਜ਼ੀ ਨਾਲ ਇਸ ’ਤੇ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਬਿਨਾਂ ਕਿਸੇ ਗਲਤੀ ਜਾਂ ਅਪਰਾਧ ਦੇ ਦੁਬਈ ਦੀਆਂ ਜੇਲਾਂ ਵਿਚ ਕੈਦ ਸਨ। ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਜੇਲ ਵਿਚ ਬੰਦ ਸਨ। ਪਾਸਪੋਰਟ ਇਨ੍ਹਾਂ ਦੀ ਕੰਪਨੀ ਕੋਲ ਸਨ। ਭਾਰਤੀ ਸਫਾਰਤਖਾਨੇ ਨੇ ਫੁਰਤੀ ਵਿਖਾਉਂਦਿਆਂ ਇਨ੍ਹਾਂ ਦੇ ਪਾਸਪੋਰਟ ਵੀ ਦੁਆਏ ਤੇ ਵੀਜ਼ੇ ਵੀ ਦੇ ਦਿੱਤੇ ਹਨ।
 ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ  ਤੇ ਦੁਬਈ ਵਿਚ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਅਾਂ ਸਿਰਸਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਸ ਉਦਾਰ-ਦਿਲ ਫੈਸਲੇ ਦੀ ਬਦੌਲਤ ਹੁਣ ਇਹ ਨੌਜਵਾਨ  ਆਪਣੇ ਘਰਾਂ ਨੂੰ ਪਰਤ ਸਕਣਗੇ। 


Related News