ਪਹਿਲੇ ਦਿਨ ਹੀ ਅੰਗਰੇਜ਼ੀ ਦੇ ਪੇਪਰ ਦੌਰਾਨ ਨਕਲ ਦੇ ਬਣੇ 23 ਕੇਸ
Thursday, Mar 01, 2018 - 07:24 AM (IST)

ਮੋਹਾਲੀ (ਨਿਆਮੀਆਂ) — ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਬੁੱਧਵਾਰ ਪੰਜਾਬ ਵਿਚ ਬਣਾਏ ਗਏ 1941 ਪ੍ਰੀਖਿਆ ਕੇਂਦਰਾਂ ਵਿਚ ਸ਼ੁਰੂ ਹੋ ਗਈਆਂ। ਇਸ ਦੌਰਾਨ 2,98,429 ਰੈਗੂਲਰ ਅਤੇ 28, 730 ਓਪਨ ਸਕੂਲ ਦੇ ਪ੍ਰੀਖਿਆਰਥੀ ਪ੍ਰੀਖਿਆਵਾਂ ਵਿਚ ਬੈਠੇ। ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ ਤੇ ਕਈ ਜ਼ਿਲਿਆਂ ਵਿਚ ਨਕਲ ਦੇ ਕੇਸ ਵੀ ਬਣਾਏ ਗਏ। ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਤਰਨਤਾਰਨ ਜ਼ਿਲੇ ਵਿਚ ਖੁਦ ਜਾਂਚ ਕੀਤੀ ਅਤੇ 5 ਪ੍ਰੀਖਿਆ ਕੇਂਦਰਾਂ 'ਤੇ ਸਮੂਹਕ ਨਕਲ ਹੋਣ ਕਾਰਨ ਇਨ੍ਹਾਂ ਕੇਂਦਰਾਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ।
ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਖੇਮਕਰਨ ਦੇ ਇਕ ਲੜਕਿਆਂ ਤੇ ਇਕ ਲੜਕੀਆਂ ਦੇ ਸਕੂਲ, ਵਲਟੋਹਾ ਦੇ ਇਕ ਮਾਡਲ ਸਕੂਲ ਸਮੇਤ ਪਿੰਡ ਮਸਤਗੜ੍ਹ ਅਤੇ ਕੱਚਾ ਪੱਕਾ ਪਿੰਡਾਂ ਦੇ ਸਕੂਲਾਂ ਦੇ ਕੁੱਲ ਪੰਜ ਪ੍ਰੀਖਿਆ ਕੇਂਦਰਾਂ ਦਾ ਅੱਜ ਦਾ ਅੰਗਰੇਜ਼ੀ ਲਾਜ਼ਮੀ ਵਿਸ਼ੇ ਦਾ ਪੇਪਰ ਰੱਦ ਕਰ ਦਿੱਤਾ ਗਿਆ ਹੈ। ਇਹ ਪੇਪਰ ਦੁਬਾਰਾ ਕਰਵਾਉਣ ਸਬੰਧੀ ਅਗਲੀ ਮਿਤੀ ਬਾਅਦ ਵਿਚ ਐਲਾਨੀ ਜਾਵੇਗੀ। ਸਿੱਖਿਆ ਸਕੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਰਾਹੀਂ ਬੱਚਿਆਂ ਨੂੰ ਸਰਹੱਦੀ ਖੇਤਰ 'ਚ ਪ੍ਰੀਖਿਆ ਦਿਵਾਉਣ ਦਾ ਗੋਰਖਧੰਦਾ ਚਲਾਉਣ ਲਈ ਕਈ ਅਨਸਰ ਕਿਰਿਆਸ਼ੀਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਨਸਰਾਂ ਨੂੰ ਨੱਥ ਪਾਉਣ ਲਈ ਪ੍ਰੀਖਿਆ ਕੇਂਦਰਾਂ ਦੁਆਲੇ ਪੁਲਸ ਦੇ ਪ੍ਰਬੰਧ ਹੋਰ ਵਧਾਏ ਜਾ ਰਹੇ ਹਨ ਤਾਂ ਜੋ ਡਿਊਟੀ 'ਤੇ ਤਾਇਨਾਤ ਸਟਾਫ ਨਾਲ ਕਿਸੇ ਤਰ੍ਹਾਂ ਦੀ ਕੋਈ ਬਦਤਮੀਜ਼ੀ ਅਤੇ ਬਦਮਾਸ਼ੀ ਨਾ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ ਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲਿਆਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਦਾਖਲਿਆਂ ਰਾਹੀਂ ਤਰਨਤਾਰਨ ਜ਼ਿਲੇ ਦੇ ਸਰਹੱਦੀ ਖੇਤਰ 'ਚ ਪੇਪਰ ਦਿਵਾ ਕੇ ਯਕੀਨਨ ਪਾਸ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਨਿਗਰਾਨ ਅਮਲੇ ਨੂੰ ਪ੍ਰੀਖਿਆ ਕੇਂਦਰ ਸਮੇਂ ਸਿਰ ਬੰਦ ਕਰਨ ਤੋਂ ਜਬਰੀ ਰੋਕਿਆ ਗਿਆ ਹੈ। ਬੋਰਡ ਵਲੋਂ ਗਠਿਤ ਨਿਰੀਖਣ ਟੀਮਾਂ ਨੇ ਵੱਖ-ਵੱਖ ਜ਼ਿਲਿਆਂ ਵਿਚ ਪ੍ਰੀਖਿਆ ਕੇਂਦਰਾਂ ਦੀ ਜਾਂਚ ਕੀਤੀ। ਇਸ ਦੌਰਾਨ ਬਠਿੰਡਾ ਜ਼ਿਲੇ ਵਿਚ ਨਕਲ ਦੇ 2, ਫਿਰੋਜ਼ਪੁਰ ਤੇ ਰੋਪੜ ਵਿਚ 5-5, ਜਲੰਧਰ 'ਚ 4, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਤੇ ਜ਼ਿਲਾ ਸੰਗਰੂਰ ਵਿਚ 2-2 ਤੇ ਜ਼ਿਲਾ ਮਾਨਸਾ ਵਿਚ 1 ਨਕਲ ਦਾ ਕੇਸ ਬਣਿਆ ਹੈ।