ਵਿਜੀਲੈਂਸ ਬਿਓਰੋ ਵਲੋਂ ਚੈੱਕ ਕੀਤੀਆਂ 2291 ਬੱਸਾਂ ''ਚੋਂ 609 ਬੱਸਾਂ ''ਚ ਉਣਤਾਈਆਂ ਮਿਲੀਆਂ
Saturday, Jun 10, 2017 - 09:37 PM (IST)
ਚੰਡੀਗੜ੍ਹ— ਪੰਜਾਬ ਵਿਜੀਲੈਂਸ ਬਿਓਰੋ ਵਲੋਂ ਬੀਤੇ ਦਿਨ ਰਾਜ ਭਰ 'ਚ ਚੱਲਦੀਆਂ ਗੈਰ ਕਾਨੂੰਨੀ ਨਿੱਜੀ ਬੱਸਾਂ ਦੀ ਕੀਤੀ ਅਚਾਨਕ ਪੜਤਾਲ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਕੁੱਲ ਚੈੱਕ ਕੀਤੀਆਂ 2291 ਬੱਸਾਂ 'ਚੋਂ 609 ਬੱਸਾਂ 'ਚ ਰੂਟ ਪਰਮਿਟਾਂ ਅਤੇ ਹੋਰ ਕਾਰਨਾਂ ਕਰਕੇ ਉਣਤਾਈਆਂ ਪਾਈਆਂ ਗਈਆਂ ਜਦਕਿ 1682 ਬੱਸਾਂ ਨੂੰ ਸਹੀ ਦਸਤਾਵੇਜ਼ਾਂ ਕਾਰਨ ਚੱਲਦੇ ਰੂਟਾਂ 'ਤੇ ਰਵਾਨਾ ਕਰ ਦਿੱਤਾ ਗਿਆ।
ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਓਰੋ ਦੇ ਚੀਫ ਡਾਇਰੈਕਟਰ ਸ਼੍ਰੀ ਬੀ.ਕੇ.ਉਪਲ ਏ.ਡੀ.ਜੀ.ਪੀ. ਨੇ ਰਾਜ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲਦੀਆਂ ਬੱਸਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਕੁੱਲ 598 ਬੱਸਾਂ ਦੀ ਚੈਕਿੰਗ ਦੌਰਾਨ 67 ਬੱਸਾਂ ਦੇ ਚਲਾਣ ਕੀਤੇ ਗਏ ਗਏ, 33 ਬੱਸਾਂ ਨੂੰ ਜ਼ਬਤ ਕੀਤਾ ਗਿਆ ਅਤੇ 498 ਬੱਸਾਂ ਦੇ ਦਸਤਾਵੇਜ ਸਹੀ ਪਾਏ ਜਾਣ 'ਤੇ ਛੱਡ ਦਿੱਤਾ ਗਿਆ। ਇਸੇ ਤਰਾਂ ਲੁਧਿਆਣਾ ਜਿਲੇ 'ਚ ਕੁੱਲ 178 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ 'ਚੋਂ 97 ਬੱਸਾਂ ਦੇ ਸਹੀ ਦਸਤਾਵੇਜ਼ ਨਾ ਹੋਣ ਕਾਰਨ ਚਲਾਣ ਕੀਤੇ ਗਏ ਅਤੇ ਛੇ ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਜਦਕਿ 34 ਬੱਸਾਂ ਨੂੰ ਸਹੀ ਦਸਤਾਵੇਜ਼ ਪਾਏ ਜਾਣ 'ਤੇ ਚੱਲਦੇ ਰੂਟਾਂ 'ਤੇ ਰਵਾਨਾ ਕੀਤਾ ਗਿਆ ਅਤੇ 81 ਬੱਸਾਂ ਦੇ ਦਸਤਾਵੇਜ਼ ਹਰ ਪੱਖੋਂ ਸਹੀ ਪਾਏ ਗਏ। ਉਨਾਂ ਕਿਹਾ ਕਿ ਪਟਿਆਲਾ ਵਿਖੇ ਚੈਕ ਕੀਤੀਆਂ ਕੁੱਲ 405 ਬੱਸਾਂ 'ਚੋਂ 44 ਬੱਸਾਂ ਦੇ ਚਲਾਣ ਕੀਤੇ ਗਏ, 23 ਬੱਸਾਂ ਨੂੰ ਜ਼ਬਤ ਕੀਤਾ ਗਿਆ ਅਤੇ 342 ਬੱਸਾਂ ਦੇ ਦਸਤਾਵੇਜ਼ ਸਹੀ ਪਾਏ ਗਏ।
ਹੋਰ ਵੇਰਵੇ ਦਿੰਦਿਆਂ ਸ੍ਰੀ ਉਪਲ ਨੇ ਦੱਸਿਆ ਕਿ ਬਠਿੰਡਾ ਵਿਖੇ ਕੁੱਲ 168 ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ 'ਚੋ 14 ਬੱਸਾਂ ਦੇ ਚਲਾਣ ਹੋਏ, 12 ਬੱਸਾਂ ਜ਼ਬਤ ਕੀਤੀਆਂ ਗਈਆਂ ਅਤੇ 142 ਬੱਸਾਂ ਦੇ ਕਾਗਜ਼ਾਤ ਸਹੀ ਪਾਏ ਗਏ। ਇਸੇ ਤਰ੍ਹਾਂ ਜਲੰਧਰ 'ਚ 680 ਬੱਸਾਂ 'ਚੋਂ 85 ਬੱਸਾਂ ਦੇ ਚਲਾਣ ਕੀਤੇ, 29 ਬੱਸਾਂ ਜ਼ਬਤ ਕੀਤੀਆਂ ਅਤੇ 566 ਬੱਸਾਂ ਦੇ ਕਾਗਜ਼ਾਤ ਸਹੀ ਸਨ। ਉਨਾਂ ਦੱਸਿਆ ਕਿ ਫਿਰੋਜਪੁਰ ਵਿਖੇ ਚੈÎਕ ਕੀਤੀਆਂ 262 ਬੱਸਾਂ 'ਚੋਂ 53 ਬੱਸਾਂ ਦੇ ਦਸਤਾਵੇਜ਼ ਸਹੀ ਸਨ ਅਤੇ 209 ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਸ੍ਰੀ ਉਪਲ ਨੇ ਕਿਹਾ ਕਿ ਵਿਜੀਲੈਂਸ ਬਿਓਰੋ ਵੱਲੋਂ ਭਵਿੱਖ 'ਚ ਵੀ ਸਰਕਾਰੀ ਖਜ਼ਾਨੇ ਨੁੰ ਚੂਨਾ ਲਾਉਣ ਵਾਲੀਆਂ ਗੈਰ ਕਾਨੂੰਨੀ ਚੱਲਦੀਆਂ ਨਿੱਜੀ ਬੱਸਾਂ ਦੀ ਅਚਾਨਕ ਪੜਤਾਲ ਕੀਤੀ ਜਾਵੇਗੀ ਅਤੇ ਉਣਤਾਈਆਂ ਵਾਲੀਆਂ ਬੱਸਾਂ ਨੂੰ ਕਿਸੇ ਵੀ ਤਰਾਂ ਬਖਸ਼ਿਆ ਨਹੀਂ ਨਹੀਂ ਜਾਵੇਗਾ।
