ਕਣਕ ਦੀ ਸਪੈਸ਼ਲ ਲੱਗਣ ਲਈ ਖਾਲੀ ਮਾਲ ਗੱਡੀ ''ਚ ਆਏ 200 ਯੂਰੀਆ ਦੇ ਬੈਗ
Sunday, Jul 02, 2017 - 06:11 AM (IST)

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਵਿਚ ਅੱਜ ਸਵੇਰੇ 8 ਵਜੇ ਦੇ ਕਰੀਬ ਕਣਕ ਦੀ ਸਪੈਸ਼ਲ ਲੱਗਣ ਲਈ ਆਈ ਖਾਲੀ ਮਾਲ ਗੱਡੀ ਵਿਚ 200 ਦੇ ਕਰੀਬ ਇਫਕੋ ਕੰਪਨੀ ਦੇ ਯੂਰੀਆ ਖਾਦ ਦੇ ਬੈਗ (ਕੱਟੇ) ਨਿਕਲੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਮਾਸਟਰ ਗੁਰੂਹਰਸਹਾਏ ਰਵੀ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਕਣਕ ਦੀ ਸਪੈਸ਼ਲ ਲੱਗਣ ਲਈ ਇਕ ਖਾਲੀ ਮਾਲ ਗੱਡੀ ਫਿਰੋਜ਼ਪੁਰ ਤੋਂ ਗੁਰੂਹਰਸਹਾਏ ਕਣਕ ਦੀ ਸਪੈਸ਼ਲ ਭਰਨ ਲਈ ਪਲੇਟਫਾਰਮ 'ਤੇ ਆਈ। ਜਦ ਮਾਲ ਗੱਡੀ ਦੇ ਖਾਲੀ ਬਕਸਿਆਂ ਦੀ ਚੈਕਿੰਗ ਕੀਤੀ ਗਈ ਤਾਂ ਇਕ ਬਕਸੇ 'ਚੋਂ ਇਫਕੋ ਯੂਰੀਆ ਖਾਦ ਦੇ ਕਰੀਬ 200 ਬੈਗ ਮਿਲੇ। ਉਨ੍ਹਾਂ ਦੱਸਿਆ ਕਿ ਇਸਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤੇ ਇਸਦੇ ਨਾਲ ਹੀ ਫਿਰੋਜ਼ਪੁਰ ਦੇ ਏ. ਡੀ. ਆਰ. ਐੱਮ. ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸਦੀ ਕੋਈ ਜਾਣਕਾਰੀ ਨਹੀਂ ਹੈ। ਖਬਰ ਲਿਖੇ ਜਾਣ ਤੱਕ ਇਹ ਯੂਰੀਆ ਖਾਦ ਕਿਸ ਦੀ ਹੈ, ਬਾਰੇ ਕੁਝ ਪਤਾ ਨਹੀਂ ਲੱਗਾ ਤੇ ਇਹ ਖਾਦ ਇਕ ਬੁਝਾਰਤ ਬਣੀ ਹੋਈ ਹੈ। ਦੂਸਰੇ ਪਾਸੇ ਡੀ. ਆਰ. ਐੱਮ. ਦਫਤਰ ਫਿਰੋਜ਼ਪੁਰ ਵਿਚ ਵਾਰ-ਵਾਰ ਫੋਨ ਕਰਨ 'ਤੇ ਫੋਨ ਚੁੱਕਿਆਂ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।