ਲਾਲੂ ਯਾਦਵ ਦੇ ਪਰਿਵਾਰ ''ਤੇ ਸ਼ਿਕੰਜਾ, ਜ਼ਮੀਨ ਦੇ ਕੇ ਜੰਮੂ-ਕਸ਼ਮੀਰ ਤੇ ਪੰਜਾਬ ''ਚ ਨੌਕਰੀਆਂ ਕਰ ਰਹੇ 20 ਰੇਲਵੇ ਮੁਲਾਜ਼ਮ
Saturday, Jul 29, 2023 - 02:04 PM (IST)
ਚੰਡੀਗੜ੍ਹ- ਚਾਰਾ ਘੁਟਾਲੇ ਵਿੱਚ ਸਜ਼ਾ ਕੱਟ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਹੁਣ ਜ਼ਮੀਨ ਲੈਣ ਅਤੇ ਰੇਲਵੇ ਵਿੱਚ ਨੌਕਰੀ ਦੇਣ ਦੇ ਮਾਮਲੇ 'ਚ ਮੁਸੀਬਤ 'ਚ ਫਸ ਚੁੱਕੇ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਜਾ ਰਹੀ ਹੈ, ਉਨ੍ਹਾਂ ਦੇ ਕਾਰਨਾਮੇ ਬੇਨਕਾਬ ਹੁੰਦੇ ਹਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੀ. ਬੀ. ਆਈ. ਇਸ ਘਪਲੇ ਦੀ ਜਾਂਚ ਕਰ ਰਹੀ ਹੈ। ਯੂ. ਪੀ. ਏ. ਸ਼ਾਸਨ ਦੌਰਾਨ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਰਹਿੰਦੇ ਵੱਖ-ਵੱਖ ਰੇਲਵੇ ਡਿਵੀਜ਼ਨਾਂ ਵਿੱਚ ਭਰਤੀਆਂ ਵਿੱਚ ਜਾਅਲਸਾਜ਼ੀ ਦਾ ਸੇਕ ਪੰਜਾਬ ਅਤੇ ਜੰਮੂ-ਕਸ਼ਮੀਰ ਤੱਕ ਵੀ ਪਹੁੰਚ ਗਿਆ ਹੈ।
ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵਿੱਚ 20 ਅਜਿਹੇ ਮੁਲਾਜ਼ਮਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਨੇ ਜ਼ਮੀਨ ਦੇ ਬਦਲੇ ਨੌਕਰੀ ਹਾਸਲ ਕੀਤੀ ਸੀ। ਇਨ੍ਹਾਂ ਵਿੱਚੋਂ 13 ਮੁਲਾਜ਼ਮ ਪੰਜਾਬ ਵਿੱਚ ਤਾਇਨਾਤ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 7 ਲੁਧਿਆਣਾ ਰੇਲਵੇ ਸਟੇਸ਼ਨ ’ਤੇ ਸੇਵਾਵਾਂ ਦੇ ਰਹੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਦੋ, ਫਿਰੋਜ਼ਪੁਰ ਵਿੱਚ ਦੋ, ਚੌਕੀਮਾਨ ਵਿੱਚ ਇੱਕ, ਫਗਵਾੜਾ ਵਿੱਚ ਇੱਕ, ਪਠਾਨਕੋਟ ਵਿੱਚ ਇੱਕ, ਜੰਮੂ ਤਵੀ ਵਿੱਚ ਪੰਜ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿੱਚ ਇੱਕ ਅਤੇ ਊਧਮਪੁਰ ਰੇਲਵੇ ਸਟੇਸ਼ਨ ਵਿੱਚ ਇੱਕ ਕਰਮਚਾਰੀ ਕੰਮ ਕਰ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. 26 ਜੁਲਾਈ ਤੋਂ ਇਨ੍ਹਾਂ ਮੁਲਾਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ, ਜੋ 1 ਅਗਸਤ ਤੱਕ ਜਾਰੀ ਰਹੇਗੀ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੂੰ ਜਾਂਚ ਪੂਰੀ ਹੋਣ ਤੱਕ ਡਿਊਟੀ 'ਤੇ ਨਾ ਆਉਣ ਦੀ ਹਦਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ- ਨੰਗਲ 'ਚ ਵਾਪਰੇ ਦਰਦਨਾਕ ਹਾਦਸੇ ਨੇ ਖੋਹੀਆਂ ਖ਼ੁਸ਼ੀਆਂ, 12ਵੀਂ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ, ਭੈਣ ਜ਼ਖ਼ਮੀ
ਜ਼ਿਕਰਯੋਗ ਹੈ ਕਿ ਲਾਲੂ ਪ੍ਰਸਾਦ ਯਾਦਵ ਯੂ. ਪੀ. ਏ. ਸਰਕਾਰ ਵਿੱਚ 2004 ਤੋਂ 2009 ਤੱਕ ਰੇਲ ਮੰਤਰੀ ਰਹੇ ਸਨ। ਇਸ ਦੌਰਾਨ ਦੇਸ਼ ਭਰ ਵਿੱਚ ਰੇਲਵੇ ਡਿਵੀਜ਼ਨਾਂ ਵਿੱਚ ਕੀਤੀਆਂ ਗਈਆਂ ਭਰਤੀਆਂ ਵਿੱਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਜਦੋਂ ਇਹ ਵਿਵਾਦ ਭੱਖ ਗਿਆ ਤਾਂ ਉਸ ਵੇਲੇ ਦੀ ਸਰਕਾਰ ਨੇ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਦੌਰਾਨ ਸੀ. ਬੀ. ਆਈ. ਨੇ ਪਿਛਲੇ ਸਾਲ ਲਾਲੂ ਦੇ ਘਰੋਂ ਇਕ ਹਾਰਡ ਡਿਸਕ ਬਰਾਮਦ ਕੀਤੀ ਸੀ, ਜਿਸ ਵਿੱਚ ਇਨ੍ਹਾਂ ਮੁਲਾਜ਼ਮਾਂ ਦੇ ਨਾਂ ਸਨ ਅਤੇ ਜਾਅਲਸਾਜ਼ੀ ਦੇ ਸਬੂਤ ਮਿਲੇ ਸਨ। ਸੀ. ਬੀ. ਆਈ. ਨੇ ਆਪਣੀ ਚਾਰਜਸ਼ੀਟ ਵਿੱਚ ਲਾਲੂ ਯਾਦਵ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਨ੍ਹਾਂ ਦੀਆਂ ਕੰਪਨੀਆਂ ਅਤੇ ਮੀਸਾ ਭਾਰਤੀ, ਹੇਮਾ ਯਾਦਵ ਅਤੇ ਹੋਰਾਂ ਲੋਕਾਂ ਨੂੰ ਮੁਲਜ਼ਮ ਬਣਾਇਆ ਹੈ।
ਇਹ ਜ਼ਮੀਨ ਸਾਲ 2008 ਵਿੱਚ ਪਟਨਾ ਸਮੇਤ ਹੋਰ ਥਾਵਾਂ ’ਤੇ ਲਈ ਗਈ ਸੀ। ਭਰਤੀ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਸੀ। ਜ਼ਮੀਨ ਦੇਣ ਵਾਲਿਆਂ ਨੂੰ ਤਿੰਨ ਦਿਨਾਂ ਦੇ ਅੰਦਰ ਜੁਆਇਨ ਕਰਵਾ ਦਿੱਤਾ ਗਿਆ। ਕੁਝ ਲੋਕਾਂ ਨੇ ਜਾਅਲੀ ਸਰਟੀਫਿਕੇਟ ਵੀ ਬਣਾਏ। ਸੀ. ਬੀ. ਆਈ. ਨੇ ਜਾਂਚ ਵਿੱਚ ਪਾਇਆ ਕਿ ਲਾਲੂ ਯਾਦਵ ਨੂੰ ਪਟਨਾ ਵਿੱਚ 1.05 ਲੱਖ ਵਰਗ ਫੁੱਟ ਜ਼ਮੀਨ ਦਿੱਤੀ ਗਈ ਸੀ। ਇਹ ਜ਼ਮੀਨਾਂ ਦੇ ਸੌਦੇ ਨਕਦੀ ਅਤੇ ਬਹੁਤ ਘੱਟ ਭਾਅ 'ਤੇ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਕੁਝ ਟੀ. ਟੀ. ਈ., ਮਕੈਨੀਕਲ, ਇਲੈਕਟ੍ਰੀਕਲ ਅਤੇ ਕਮਰਸ਼ੀਅਲ ਵਿਭਾਗਾਂ ਵਿੱਚ ਤਾਇਨਾਤ ਹਨ। ਪੁੱਛਗਿੱਛ ਦੌਰਾਨ ਸੀ. ਬੀ. ਆਈ. ਨੇ ਮੁਲਾਜ਼ਮਾਂ ਤੋਂ ਕਈ ਅਹਿਮ ਦਸਤਾਵੇਜ਼ ਵੀ ਮੰਗੇ ਹਨ, ਜਿਨ੍ਹਾਂ ਵਿੱਚ ਜਾਇਦਾਦ ਦੇ ਨਾਲ-ਨਾਲ ਬੈਂਕ ਖ਼ਾਤਿਆਂ ਦੇ ਵੇਰਵੇ ਵੀ ਸ਼ਾਮਲ ਹਨ। ਕਈ ਮੁਲਾਜ਼ਮ ਇਕੱਠੇ ਹੋ ਗਏ ਹਨ ਅਤੇ ਕਈ ਇਕੋ ਇਲਾਕੇ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ