20 ਘੰਟਿਆਂ ਦੇ ਮੀਂਹ ਨਾਲ ਖੁੱਲ੍ਹੀ ਕੈਪਟਨ-ਬਾਦਲਾਂ ਦੇ 20 ਸਾਲਾਂ ਦੇ ਵਿਕਾਸ ਦੀ ਪੋਲ : ਭਗਵੰਤ ਮਾਨ
Monday, Aug 19, 2019 - 08:31 PM (IST)

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਹਰ ਵਾਰ 20 ਘੰਟਿਆਂ ਦਾ ਮੀਂਹ ਕੈਪਟਨ ਤੇ ਬਾਦਲ ਸਰਕਾਰਾਂ ਦੇ ਪਿਛਲੇ 20 ਸਾਲਾਂ ਦੇ ਅਖੌਤੀ 'ਵਿਕਾਸ' ਦੀ ਪੋਲ ਖੋਲ੍ਹ ਦਿੰਦਾ ਹੈ। ਪਾਰਟੀ ਹੈਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਕਮਜ਼ੋਰ-ਮੌਨਸੂਨ ਦੀਆਂ ਰਿਪੋਰਟਾਂ ਰਹਿੰਦੀਆਂ ਹਨ ਪਰ ਫਿਰ ਵੀ ਬਰਸਾਤ ਦੇ ਦਿਨਾਂ 'ਚ ਜਾਨੀ-ਮਾਲੀ ਨੁਕਸਾਨ ਵਧ ਗਿਆ ਹੈ। 20 ਘੰਟੇ ਲਗਾਤਾਰ ਮੀਂਹ ਪੈ ਜਾਵੇ ਤਾਂ ਖੇਤ ਅਤੇ ਸ਼ਹਿਰ ਜਲ-ਥਲ ਹੋ ਜਾਂਦੇ ਹਨ। ਕਿਸਾਨਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਇਸ ਲਈ ਕੋਈ ਹੋਰ ਨਹੀਂ ਸਗੋਂ ਵਾਰੀ ਬੰਨ੍ਹ ਕੇ ਰਾਜ ਕਰਦੇ ਆ ਰਹੇ ਬਾਦਲ ਅਤੇ ਕੈਪਟਨ ਸਿੱਧਾ ਜ਼ਿੰਮੇਵਾਰ ਹਨ। ਸਿੰਚਾਈ, ਡਰੇਨ ਤੇ ਲੋਕ ਨਿਰਮਾਣ ਵਿਭਾਗ 'ਚ ਸਿਖਰ ਤੋਂ ਲੈ ਕੇ ਹੇਠਾਂ ਤੱਕ ਫੈਲੇ ਭ੍ਰਿਸ਼ਟਾਚਾਰ ਕਾਰਨ ਹਰ ਵਾਰ ਪੰਜਾਬ ਡੁੱਬਦਾ ਹੈ।
ਬਰਸਾਤੀ ਨਾਲਿਆਂ (ਡ੍ਰੇਨਾਂ) ਦੀ ਸਫ਼ਾਈ ਕਾਗ਼ਜ਼ਾਂ 'ਚ ਹੀ ਹੋ ਰਹੀ ਹੈ। ਸਿਆਸੀ ਦਖ਼ਲ ਅੰਦਾਜ਼ੀ, ਤਕਨੀਕੀ ਨਾਲਾਇਕੀਆਂ ਅਤੇ ਰਿਸ਼ਵਤਖ਼ੋਰੀ ਨੇ ਸੜਕਾਂ ਅਤੇ ਲਿੰਕ ਸੜਕਾਂ ਹੇਠਲਾ ਕੁਦਰਤੀ ਵਹਾਅ ਤਬਾਹ ਕਰ ਦਿੱਤਾ ਹੈ। ਮੋਹਾਲੀ, ਲੁਧਿਆਣਾ ਸਮੇਤ ਪੰਜਾਬ ਦਾ ਕੋਈ ਪਿੰਡ ਅਜਿਹਾ ਸ਼ਹਿਰ-ਕਸਬਾ ਨਹੀਂ ਹੈ ਜੋ ਲੈਂਡ ਮਾਫ਼ੀਆ ਦੀ ਮਾਰ ਤੋਂ ਬਚਿਆ ਹੋਵੇ। ਕੁਰਾਲੀ ਸ਼ਹਿਰ 'ਚ ਨਦੀ ਦੇ ਬੈਡ 'ਤੇ ਕੱਟੀ ਅਣ-ਅਧਿਕਾਰਤ ਕਾਲੋਨੀ 'ਚ ਕੱਲ੍ਹ ਦੇ ਮੀਂਹ ਨਾਲ ਪੂਰੀ ਤਰ੍ਹਾਂ ਵਹੇ ਮਕਾਨ ਇਸ ਦੀ ਤਾਜ਼ਾ ਮਿਸਾਲ ਹਨ।
ਮਾਨ ਨੇ ਕਿਹਾ ਕਿ ਅਜਿਹਾ ਗੈਰ ਕਾਨੂੰਨੀ ਨਿਰਮਾਣ ਸੱਤਾਧਾਰੀਆਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਬਿਨਾਂ ਸੰਭਵ ਨਹੀਂ, ਜਿਸ ਦਾ ਖ਼ਮਿਆਜ਼ਾ ਉਨ੍ਹਾਂ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਜਿਹੜੇ 'ਲੈਂਡ ਮਾਫ਼ੀਆ' ਦੇ ਸਬਜ਼ਬਾਗਾਂ ਦਾ ਸ਼ਿਕਾਰ ਬਣਦੇ ਹਨ। ਭਗਵੰਤ ਮਾਨ ਨੇ ਕੈਪਟਨ ਸਰਕਾਰ ਤੋਂ ਮੀਂਹ ਅਤੇ ਹੜ੍ਹਾਂ ਨਾਲ ਫ਼ਸਲਾਂ ਅਤੇ ਹਰ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਲਈ 100 ਫ਼ੀਸਦੀ ਮੁਆਵਜ਼ੇ ਅਤੇ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ।