32 ਕਰੋੜ ਦੀਆਂ ਖਰੀਦੀਆਂ ਜਾਣਗੀਆਂ 20 ਬੈਟਰੀ ਆਪ੍ਰੇਟਿਡ ਬੱਸਾਂ
Thursday, Nov 23, 2017 - 08:42 AM (IST)

ਚੰਡੀਗੜ੍ਹ (ਵਿਜੇ) : ਇਸ ਸਾਲ ਸ਼ਹਿਰ ਦਾ ਪਲਿਊਸ਼ਨ ਲੈਵਲ 'ਵੈਰੀ ਪੂਅਰ' ਕੈਟਾਗਰੀ ਤਕ ਪਹੁੰਚ ਗਿਆ ਸੀ। ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਭਵਿੱਖ ਦੀ ਚਿੰਤਾ ਖੜ੍ਹੀ ਹੋ ਗਈ ਹੈ। ਸਮੋਗ ਨਾਲ ਨਿਪਟਣ ਲਈ ਤਾਂ ਫਿਲਹਾਲ ਕੋਈ ਪਲਾਨਿੰਗ ਸਿਰੇ ਨਹੀਂ ਚੜ੍ਹੀ ਪਰ ਏਅਰ ਪਲਿਊਸ਼ਨ ਨੂੰ ਘੱਟ ਕਰਨ ਲਈ ਹੁਣ ਚੰਡੀਗੜ੍ਹ ਦਾ ਟ੍ਰਾਂਸਪੋਰਟ ਵਿਭਾਗ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਤੋਂ ਬੈਟਰੀ ਆਪ੍ਰੇਟਿਡ ਬੱਸਾਂ ਵੱਲ ਤੇਜ਼ੀ ਨਾਲ ਸ਼ਿਫਟ ਹੋਣ ਜਾ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਛੇਤੀ ਹੀ 20 ਬੱਸਾਂ ਖਰੀਦਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਕ ਬੱਸ ਦੀ ਕੀਮਤ ਡੇਢ ਕਰੋੜ ਹੋਵੇਗੀ। ਇਸ ਤਰ੍ਹਾਂ 32 ਕਰੋੜ ਰੁਪਏ ਟ੍ਰਾਂਸਪੋਰਟ ਵਿਭਾਗ ਵਲੋਂ ਖਰਚ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਮਨਿਸਟਰੀ ਆਫ ਅਰਬਨ ਡਿਵੈੱਲਪਮੈਂਟ ਨੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੇ ਸ਼ਹਿਰ ਦੇ ਰੂਟਾਂ 'ਚ ਬੈਟਰੀ ਆਪ੍ਰੇਟਿਡ ਵ੍ਹੀਕਲਾਂ ਨੂੰ ਉਤਾਰਨ ਦੇ ਪ੍ਰਪੋਜ਼ਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨਿਸਟਰੀ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਬੈਟਰੀ ਆਪ੍ਰੇਟਿਡ ਬੱਸਾਂ ਦੀ ਖਰੀਦ ਕਰਨ 'ਤੇ 60 ਫੀਸਦੀ ਫੰਡਿੰਗ ਵੀ ਕੀਤੀ ਜਾਏਗੀ। ਸਤੰਬਰ 'ਚ ਸੀ. ਟੀ. ਯੂ. ਵਲੋਂ ਮਨਿਸਟਰੀ ਕੋਲ ਬੈਟਰੀ ਆਪ੍ਰੇਟਿਡ ਬੱਸਾਂ ਨੂੰ ਖਰੀਦਣ ਲਈ ਪ੍ਰਪੋਜ਼ਲ ਜਮ੍ਹਾ ਕਰਵਾਇਆ ਗਿਆ ਸੀ, ਜਿਸ 'ਚ ਸੀ. ਟੀ. ਯੂ. ਵਲੋਂ ਫੰਡ ਦੀ ਮੰਗ ਕੀਤੀ ਗਈ ਸੀ।
ਸੈਕਟਰੀ ਕੋਲ ਭੇਜੀ ਫਾਈਲ
ਟ੍ਰਾਂਸਪੋਰਟ ਵਿਭਾਗ ਨੇ ਬੱਸਾਂ ਦੀ ਖਰੀਦ ਲਈ ਪ੍ਰਪੋਜ਼ਲ ਤਿਆਰ ਕਰ ਲਿਆ ਹੈ। ਟੈਂਡਰ ਦੀ ਫਾਈਲ ਵਿਭਾਗ ਦੇ ਅਫਸਰਾਂ ਕੋਲ ਅਪਰੂਵਲ ਲਈ ਭੇਜ ਦਿੱਤੀ ਗਈ ਹੈ। ਟੈਂਡਰ ਦੇ ਪ੍ਰਪੋਜ਼ਲ ਨੂੰ ਅਪਰੂਵਲ ਮਿਲਣ ਮਗਰੋਂ ਵਿਭਾਗ ਵਲੋਂ ਛੇਤੀ ਹੀ ਕੰਪਨੀ ਫਾਈਨਲ ਕਰ ਲਈ ਜਾਏਗੀ। ਸੂਤਰਾਂ ਮੁਤਾਬਿਕ ਬੈਟਰੀ ਆਪ੍ਰੇਟਿਡ ਬੱਸਾਂ ਮਹਿੰਗੀਆਂ ਜ਼ਰੂਰ ਹਨ ਪਰ ਇਹ ਆਮ ਬੱਸਾਂ ਤੋਂ ਜ਼ਿਆਦਾ ਚੱਲਦੀਆਂ ਹਨ। ਡੀਜ਼ਲ ਬੱਸਾਂ ਜੋ ਇਸ ਸਮੇਂ ਸੀ. ਟੀ. ਯੂ. ਵਰਤ ਰਿਹਾ ਹੈ, ਉਨ੍ਹਾਂ ਨੂੰ 8 ਸਾਲਾਂ ਤਕ ਚਲਾਇਆ ਜਾ ਸਕਦਾ ਹੈ, ਜਦੋਂਕਿ ਇਨ੍ਹਾਂ ਬੱਸਾਂ ਦੀ ਲਾਈਫ 10 ਸਾਲ ਹੁੰਦੀ ਹੈ। ਇਕ ਵਾਰ ਚਾਰਜ ਹੋਣ 'ਤੇ ਇਹ ਬੱਸਾਂ 255 ਕਿਲੋਮੀਟਰ ਤਕ ਚੱਲ ਜਾਂਦੀਆਂ ਹਨ। ਇਕ ਬੱਸ ਨੂੰ ਚਾਰਜ ਹੋਣ 'ਚ 6 ਘੰਟੇ ਲਗਦੇ ਹੈ। ਬੈਟਰੀ ਆਪ੍ਰੇਟਿਡ ਬੱਸਾਂ ਨੂੰ ਖਰੀਦਣ ਲਈ ਟੈਂਡਰ ਫਾਈਨਲ ਕਰ ਲਿਆ ਗਿਆ ਹੈ। ਛੇਤੀ ਹੀ ਕੰਪਨੀ ਚੁਣ ਕੇ ਕੰਮ ਅਲਾਟ ਕਰ ਦਿੱਤਾ ਜਾਏਗਾ। ਪਲਿਊਸ਼ਨ ਨੂੰ ਘੱਟ ਕਰਨ 'ਚ ਇਹ ਬੱਸਾਂ ਕਾਰਗਰ ਸਾਬਿਤ ਹੋ ਸਕਦੀਆਂ ਹਨ। 32 ਕਰੋੜ ਦਾ ਐਸਟੀਮੇਟ ਬੱਸਾਂ ਲਈ ਤਿਆਰ ਕੀਤਾ ਗਿਆ ਹੈ।
17 ਕਰੋੜ ਮਨਿਸਟਰੀ ਦੇਵੇਗੀ
ਮਹਿੰਗੀਆਂ ਬੱਸਾਂ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੂੰ ਥੋੜ੍ਹੀ ਰਿਲੀਫ ਇਸ ਗੱਲ ਤੋਂ ਮਿਲੀ ਹੈ ਕਿ ਮਨਿਸਟਰੀ ਆਫ ਅਰਬਨ ਡਿਵੈੱਲਪਮੈਂਟ ਆਪਣੇ ਹਿੱਸੇ 'ਚੋਂ ਬੱਸਾਂ ਦੀ ਖਰੀਦ ਕਰਨ ਦੇ ਬਾਅਦ ਪ੍ਰਸ਼ਾਸਨ ਨੂੰ 17 ਕਰੋੜ ਰੁਪਏ ਦੇਵੇਗਾ। ਅਧਿਕਾਰੀਆਂ ਮੁਤਾਬਿਕ ਬੱਸਾਂ ਮਹਿੰਗੀਆਂ ਜ਼ਰੂਰ ਹਨ ਪਰ ਇਨਵਾਇਰਮੈਂਟ ਫ੍ਰੈਂਡਲੀ ਹੋਣ ਕਾਰਨ ਭਵਿੱਖ 'ਚ ਇਨ੍ਹਾਂ ਬੱਸਾਂ ਦੀ ਲੋੜ ਵਧਣ ਵਾਲੀ ਹੈ। ਇਹੋ ਕਾਰਨ ਹੈ ਕਿ ਫੇਜ਼ ਵਾਈਜ਼ ਬੱਸਾਂ ਦੀ ਖਰੀਦ ਕੀਤੀ ਜਾ ਰਹੀ ਹੈ। ਬੈਟਰੀ ਆਪ੍ਰੇਟਿਡ ਬੱਸਾਂ ਦਾ ਫਾਰਮੂਲਾ ਕਾਮਯਾਬ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਕੁਝ ਹੋਰ ਬੱਸਾਂ ਖਰੀਦੀਆਂ ਜਾਣਗੀਆਂ।
ਹਵਾ ਪ੍ਰਦੂਸ਼ਣ ਘਟਾਉਣ 'ਤੇ ਪ੍ਰਸ਼ਾਸਨ ਦਾ ਫੋਕਸ
ਹਵਾ ਪ੍ਰਦੂਸ਼ਣ ਦੇ ਮਾਮਲੇ 'ਚ ਇਸ ਸਾਲ ਚੰਡੀਗੜ੍ਹ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਪਹਿਲੀ ਵਾਰ ਵੱਖ-ਵੱਖ ਥਾਵਾਂ 'ਤੇ ਲਾਈਆਂ ਗਈਆਂ ਪੰਜ ਮਸ਼ੀਨਾਂ 'ਚ ਏਅਰ ਕੁਆਲਿਟੀ ਇੰਡੈਕਸ ਵੈਰੀ ਪੂਅਰ ਕੈਟਾਗਰੀ 'ਚ ਆਇਆ ਹੈ। ਇਹੋ ਕਾਰਨ ਹੈ ਕਿ ਪ੍ਰਸ਼ਾਸਨ ਹੁਣ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀਆਂ ਸੇਵਾਵਾਂ ਘੱਟ ਤੋਂ ਘੱਟ ਲੈ ਰਿਹਾ ਹੈ, ਜਿਸ ਨਾਲ ਏਅਰ ਕੁਆਲਿਟੀ 'ਚ ਥੋੜ੍ਹਾ ਸੁਧਾਰ ਹੋ ਸਕੇ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਡੀਜ਼ਲ ਨਾਲ ਚੱਲਣ ਵਾਲੀਆਂ ਟੈਕਸੀਆਂ 'ਤੇ ਵੀ 31 ਦਸੰਬਰ ਤੋਂ ਪਾਬੰਦੀ ਲਾ ਦਿੱਤੀ ਸੀ।
ਦੋ ਕੰਪਨੀਆਂ ਦੇ ਹੋ ਚੁੱਕੇ ਹਨ ਟ੍ਰਾਇਲ
ਟ੍ਰਾਂਸਪੋਰਟ ਵਿਭਾਗ ਵਲੋਂ ਇਸ ਤੋਂ ਪਹਿਲਾਂ ਦੋ ਕੰਪਨੀਆਂ ਦੀਆਂ ਬੈਟਰੀ ਆਪ੍ਰੇਟਿਡ ਬੱਸਾਂ ਦੇ ਟ੍ਰਾਇਲ ਲਏ ਜਾ ਚੁੱਕੇ ਹਨ। ਇਨ੍ਹਾਂ 'ਚੋਂ ਇਕ ਕੰਪਨੀ ਚੀਨ ਦੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰਾਇਲ ਲੈਣ ਦਾ ਮਕਸਦ ਇਹ ਤੱਥ ਹਾਸਲ ਕਰਨਾ ਸੀ ਕਿ ਸ਼ਹਿਰ 'ਚ ਇਹ ਬੱਸਾਂ ਕਿੰਨੀਆਂ ਕਾਰਗਰ ਸਾਬਿਤ ਹੋ ਸਕਦੀਆਂ ਹਨ। ਹੁੰਗਾਰਾ ਚੰਗਾ ਮਿਲਣ ਤੋਂ ਬਾਅਦ ਹੀ ਪ੍ਰਸ਼ਾਸਨ ਨੇ ਪ੍ਰਪੋਜ਼ਲ ਤਿਆਰ ਕੀਤਾ ਸੀ। ਹਾਲਾਂਕਿ ਅਜੇ ਇਹ ਫਾਈਨਲ ਨਹੀਂ ਹੈ ਕਿ ਇਨ੍ਹਾਂ ਹੀ ਦੋ ਕੰਪਨੀਆਂ ਦੀਆਂ ਬੱਸਾਂ ਪ੍ਰਸ਼ਾਸਨ ਖਰੀਦੇਗਾ ਜਾਂ ਹੋਰ ਕਿਸੇ ਕੰਪਨੀ ਨੂੰ ਕਾਂਟ੍ਰੈਕਟ ਮਿਲਦਾ ਹੈ।