ਸਡ਼ਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ
Tuesday, Aug 21, 2018 - 03:59 AM (IST)
ਸਮਾਣਾ, (ਦਰਦ)- ਸਮਾਣਾ-ਪਟਿਆਲਾ ਸਡ਼ਕ ’ਤੇ ਸੋਮਵਾਰ ਸਵੇਰੇ ਪਿੰਡ ਭਾਨਰਾ ਨੇਡ਼ੇ ਟਰੱਕ ਨਾਲ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ 2 ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੇ ਚੀਥਡ਼ੇ ਉੱਡ ਗਏ। ਇਕ ਨੌਜਵਾਨ ਦੇ ਸਰੀਰ ਦੇ 2 ਟੁਕਡ਼ੇ ਹੋ ਗਏ। ਸੂਚਨਾ ਮਿਲਣ ’ਤੇ ਪਹੁੰਚੀ ਸਬੰਧਤ ਡਕਾਲਾ ਪੁਲਸ ਨੇ ਦੋਵਾਂ ਨੌਜਵਾਨਾਂ ਦੀਅਾਂ ਸਡ਼ਕ ’ਤੇ ਖਿੱਲਰੀਆਂ ਲਾਸ਼ਾਂ ਨੂੰ ਚੁੱਕ ਕੇ ਪੋਸਟਮਾਰਟਮ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪਹੁੰਚਾਇਆ। ਮ੍ਰਿਤਕ ਨੌਜਵਾਨਾਂ ਦੇ ਹਰਿਆਣਾ ਵਿਚ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਡਕਾਲਾ ਪੁਲਸ ਚੌਕੀ ਇੰਚਾਰਜ ਸੋਹਣ ਸਿੰਘ ਅਨੁਸਾਰ ਮ੍ਰਿਤਕ ਨੌਜਵਾਨਾਂ ਦੀ ਪਛਾਣ ਅੰਕਿਤ (25) ਪੁੱਤਰ ਮਿਹਰ ਸਿੰਘ ਨਿਵਾਸੀ ਆਦਮਪੁਰ ਜ਼ਿਲਾ ਹਿਸਾਰ ਅਤੇ ਰੋਹਤਾਸ਼ ਬਿਸ਼ਨੋਈ (22) ਪੁੱਤਰ ਓਮ ਪ੍ਰਕਾਸ਼ ਨਿਵਾਸੀ ਪਿੰਡ ਮੰਗਾ ਜ਼ਿਲਾ ਸਿਰਸਾ (ਹਰਿਆਣਾ) ਵਜੋਂ ਹੋਈ ਹੈ। ਪੋਸਟਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲਸ ਅਨੁਸਾਰ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਫਰਾਰ ਟਰੱਕ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਚਚੇਰੇ ਭਰਾ ਕਪਿਲ ਅਨੁਸਾਰ ਅੰਕਿਤ ਚੰਡੀਗਡ਼੍ਹ ਵਿਚ ਕੋਚਿੰਗ ਪ੍ਰਾਪਤ ਕਰ ਰਿਹਾ ਸੀ। ਰੋਹਤਾਸ਼ ਪਡ਼੍ਹ ਰਿਹਾ ਸੀ। ਦੋਵੇਂ ਮਿੱਤਰ ਸ਼ਨੀਵਾਰ ਨੂੰ ਚੰਡੀਗਡ਼੍ਹ ਵਿਚ ਇਕੱਠੇ ਠਹਿਰਣ ਉਪਰੰਤ ਸੋਮਵਾਰ ਤਡ਼ਕੇ ਸਵੇਰੇ ਆਪਣੇ ਮੋਟਰਸਾਈਕਲ ’ਤੇ ਹਰਿਆਣਾ ਸਥਿਤ ਆਪਣੇ ਘਰ ਜਾ ਰਹੇ ਸਨ। ਅੰਕਿਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।
