2 ਮਰਲੇ ਦਾ ਪਲਾਟ ਗਹਿਣੇ ਰੱਖ ਵਿਦੇਸ਼ ਗਿਆ ਨੌਜਵਾਨ ਮਲੇਸ਼ੀਆਂ ਵਿਚ ਫਸਿਆ
Wednesday, Mar 06, 2019 - 08:34 PM (IST)

ਮਾਛੀਵਾੜਾ ਸਾਹਿਬ, (ਟੱਕਰ)-2 ਮਰਲੇ ਦਾ ਮਕਾਨ ਗਹਿਣੇ ਰੱਖ ਕੇ ਵਿਦੇਸ਼ ਗਿਆ ਪਿੰਡ ਮੱਤੇਵਾੜਾ ਦਾ ਨੌਜਵਾਨ ਮਲੇਸ਼ੀਆ ਵਿਚ ਫਸ ਗਿਆ ਹੈ। ਇਸ ਨੌਜਵਾਨ ਨਾਲ ਪਿੰਡ ਦਾ ਇਕ ਹੋਰ ਨੌਜਵਾਨ ਵੀ ਹੈ, ਜੋ ਏਜੰਟ ਦੀ ਧੌਖਾਧੜੀ ਦਾ ਸ਼ਿਕਾਰ ਹੋ ਕੇ ਮਲੇਸ਼ੀਆਂ ਵਿਚ ਲੁਟ ਕੇ ਦਿਨ ਕੱਟ ਰਿਹਾ ਹੈ।
ਜਾਣਕਾਰੀ ਮੁਤਾਬਕ ਹਲਕਾ ਸਾਹਨੇਵਾਲ ਦੇ ਪਿੰਡ ਮੱਤੇਵਾੜਾ ਤੋਂ 2 ਨੌਜਵਾਨ ਜੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਮਲੇਸ਼ੀਆ ਵਿਖੇ ਫਸੇ ਹੋਏ ਹਨ ਉਨ੍ਹਾਂ ਵੀਡਿਓ ਵਾਈਰਲ ਕਰ ਆਪਣੀ ਬਦਤਰ ਹਾਲਤ ਅਤੇ ਟ੍ਰੈਵਲ ਏਜੰਟਾਂ ਵਲੋਂ ਉਨ੍ਹਾਂ ਨਾਲ ਕੀਤੀ ਧੋਖਾਧੜੀ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐੱਮ. ਪੀ. ਭਗਵੰਤ ਮਾਨ ਨੂੰ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਭਾਰਤ ਵਾਪਿਸ ਲਿਆਂਦਾ ਜਾਵੇ।
ਵੀਡਿਓ ਵਾਈਰਲ ਕਰਦਿਆਂ ਮੱਤੇਵਾੜਾ ਦੇ ਨੌਜਵਾਨਾਂ ਅਮਰਜੀਤ ਸਿੰਘ ਤੇ ਨਰਿੰਦਰ ਸਿੰਘ ਨੇ ਮਲੇਸ਼ੀਆ ਵਿਚ ਫਸੇ ਹੋਣ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਛੀਵਾੜਾ ਦੇ ਇਕ ਏਜੰਟ ਵਲੋਂ 1 ਲੱਖ 20 ਹਜ਼ਾਰ ਰੁਪਏ ਲੈ ਕੇ ਵਰਕ ਵੀਜ਼ੇ ਰਾਹੀਂ 7 ਜੁਲਾਈ 2018 ਨੂੰ ਜੈਪੁਰ ਤੋਂ ਫਲਾਇਟ ਕਰਵਾ ਮਲੇਸ਼ੀਆ ਭੇਜਿਆ ਸੀ ਤੇ ਉਸਦੇ ਦੂਸਰੇ ਸਾਥੀ ਤੋਂ ਵੀ 1 ਲੱਖ 10 ਹਜ਼ਾਰ ਰੁਪਏ ਲਏ ਹਨ। ਅਮਰਜੀਤ ਸਿੰਘ ਵੀਡਿਓ ’ਚ ਦੱਸ ਰਿਹਾ ਹੈ ਕਿ ਏਜੰਟ ਨੇ ਵਿਸ਼ਵਾਸ ਦਿਵਾਇਆ ਸੀ ਕਿ ਮਲੇਸ਼ੀਆ ’ਚ ਪੱਕਾ ਕੰਮ ਮਿਲੇਗਾ ਪਰ ਇੱਥੇ ਆ ਕੇ ਨਾ ਕੋਈ ਕੰਮ ਮਿਲਿਆ ਬਲਕਿ ਇੱਥੇ ਏਜੰਟਾਂ ਨੇ ਪਾਸਪੋਰਟ ਤੇ ਹੋਰ ਦਸਤਾਵੇਜ਼ ਵੀ ਉਨ੍ਹਾਂ ਤੋਂ ਖੋਹ ਲਏ। ਪਾਸਪੋਰਟ ਤੇ ਦਸਤਾਵੇਜ਼ ਨਾ ਹੋਣ ਕਾਰਨ ਉਹ ਮਲੇਸ਼ੀਆ ਵਿਚ ਲੁਕ ਕੇ ਦਿਨ ਕੱਟ ਰਹੇ ਹਨ ਅਤੇ ਰੁਜ਼ਗਾਰ ਨਾ ਮਿਲਣ ਕਾਰਨ ਭੁੱਖੇ-ਪਿਆਸੇ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਹੈ।
ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਪਾਸਪੋਰਟ ਨਾ ਹੋਣ ਕਾਰਨ ਉਹ ਭਾਰਤ ਦੇਸ਼ ਵੀ ਨਹੀਂ ਪਰਤ ਸਕਦੇ ਇਸ ਲਈ ਉਨ੍ਹਾਂ ਭਗਵੰਤ ਮਾਨ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਮਲੇਸ਼ੀਆ ਤੋਂ ਭਾਰਤ ਲਿਆਉਣ ਦੇ ਯਤਨ ਕੀਤੇ ਜਾਣ। ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਟ੍ਰੈਵਲ ਏਜੰਟਾਂ ਖਿਲਾਫ਼ ਸਖ਼ਤ ਸ਼ਿਕੰਜਾ ਕਸਣ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਦੇ ਬਾਵਜ਼ੂਦ ਵੀ ਬਿਨ੍ਹਾਂ ਲਾਇਸੈਂਸ ਤੋਂ ਦੁਕਾਨਾਂ ਖੋਲ੍ਹ ਕੇ ਬੈਠੇ ਏਜੰਟ ਪੰਜਾਬ ਦੇ ਭੋਲੇ-ਭਾਲੇ ਤੇ ਗਰੀਬ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਪੂਰੀ ਲੁੱਟ-ਖਸੁੱਟ ਕਰਨੀ ਅਜੇ ਵੀ ਜਾਰੀ ਹੈ।
ਮਲੇਸ਼ੀਆ ਵਿਚ ਫਸੇ ਅਮਰਜੀਤ ਸਿੰਘ ਦੀ ਪਤਨੀ ਸੀਮਾ ਰਾਣੀ ਨੇ ਰੌਂਦੇ ਹੋਏ ਦੱਸਿਆ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਕੋਲ ਕੇਵਲ 2 ਮਰਲੇ ਦਾ ਹੀ ਇਕ ਮਕਾਨ ਹੈ ਜਿਸ ਨੂੰ ਗਹਿਣੇ ਰੱਖ ਕੇ ਅਮਰਜੀਤ ਸਿੰਘ ਵਿਦੇਸ਼ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਫ਼ਰਜ਼ੀ ਟ੍ਰੈਵਲ ਏਜੰਟ ਦਾ ਸ਼ਿਕਾਰ ਹੋ ਕੇ ਮਲੇਸ਼ੀਆ ਵਿਚ ਫਸੇ ਹਨ ਤਾਂ ਉਹ ਬਹੁਤ ਹੀ ਚਿੰਤਤ ਹਨ ਅਤੇ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਨੂੰ ਮਲੇਸ਼ੀਆ ਤੋਂ ਕਿਸੇ ਵੀ ਢੰਗ ਨਾਲ ਵਾਪਸ ਭਾਰਤ ਲਿਆਂਦਾ ਜਾਵੇ ਅਤੇ ਇੱਥੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰੇ। ਉਸ ਨੇ ਇਹ ਵੀ ਦੱਸਿਆ ਕਿ ਟ੍ਰੈਵਲ ਏਜੰਟ ਵਲੋਂ ਕੀਤੀ ਧੋਖਾਧੜੀ ਅਤੇ ਮਲੇਸ਼ੀਆ ਵਿਚ ਫਸੇ ਹੋਣ ਬਾਰੇ ਉਨ੍ਹਾਂ ਲੁਧਿਆਣਾ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਸੁਣਵਾਈ ਨਾ ਹੋਈ।
ਨੌਜਵਾਨਾਂ ਦੀ ਵੀਡੀਓ ਵਿਦੇਸ਼ ਮੰਤਰਾਲਾ ਨੂੰ ਭੇਜੀ : ਭਗਵੰਤ ਮਾਨ
ਲੋਕ ਸਭਾ ਹਲਕਾ ਸੰਗਰੂਰ ਤੋਂ ਐਮ. ਪੀ. ਭਗਵੰਤ ਮਾਨ ਨਾਲ ਜਦੋਂ ਮਲੇਸ਼ੀਆ ਵਿਚ ਫਸੇ ਮੱਤੇਵਾੜਾ ਦੇ ਨੌਜਵਾਨਾਂ ਦੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਅਤੇ ਫਸੇ ਨੌਜਵਾਨਾਂ ਨੂੰ ਵਾਪਿਸ ਲਿਆਉਣ ਲਈ ਉਹ ਵਿਦੇਸ਼ ਮੰਤਰਾਲਾ ਵਿਖੇ ਅੱਜ ਹੀ ਜਾ ਕੇ ਆਏ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਮਲੇਸ਼ੀਆ ਤੋਂ ਆਈ ਗੁਹਾਰ ਦੀ ਵੀਡਿਓ ਵੀ ਉਨ੍ਹਾਂ ਵਿਦੇਸ਼ ਮੰਤਰਾਲਾ ਨੂੰ ਸੌਂਪ ਦਿੱਤੀ ਹੈ ਅਤੇ ਇਨ੍ਹਾਂ ਨੌਜਵਾਨਾਂ ਨੂੰ ਜਲਦ ਭਾਰਤ ਲਿਆਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਐਮ.ਪੀ ਭਗਵੰਤ ਮਾਨ ਨੇ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਪ੍ਰਸ਼ਾਸਨ ਤੇ ਮਿਲੀਭੁਗਤ ਨਾਲ ਪੰਜਾਬ ਦੇ ਟ੍ਰੈਵਲ ਏਜੰਟ ਮਨੁੱਖੀ ਤਸਕਰੀ ਕਰ ਰਹੇ ਹਨ ਅਤੇ ਗਰੀਬ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਜ਼ੂਦਾ ਸਰਕਾਰਾਂ ਨੌਜਵਾਨਾਂ ਨੂੰ ਆਪਣੇ ਦੇਸ਼ ’ਚ ਹੀ ਰੁਜ਼ਗਾਰ ਦੇਣ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਵਿਦੇਸ਼ਾਂ ਵਿਚ ਰੁਜ਼ਗਾਰ ਲਈ ਭਟਕਣਾ ਨਾ ਪਵੇ। ਐਮ.ਪੀ ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਨੌਜਵਾਨ ਜੋ ਵਿਦੇਸ਼ਾਂ ਵਿਚ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਫਸ ਚੁੱਕੇ ਹਨ ਉਨ੍ਹਾਂ ਨੂੰ ਵਾਪਿਸ ਲਿਆਏ ਹਨ ਅਤੇ ਮੱਤੇਵਾੜਾ ਦੇ ਇਨ੍ਹਾਂ 2 ਨੌਜਵਾਨਾਂ ਨੂੰ ਜਲਦ ਹੀ ਵਿਦੇਸ਼ ਮੰਤਰਾਲੇ ਰਾਹੀਂ ਦਸਤਾਵੇਜ਼ ਮੁਕੰਮਲ ਕਰ ਵਾਪਿਸ ਲਿਆਂਦਾ ਜਾਵੇਗਾ।