ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
Saturday, Mar 24, 2018 - 08:16 AM (IST)

ਪਟਿਆਲਾ (ਬਲਜਿੰਦਰ) - ਮਾਡਲ ਟਾਊਨ ਚੌਕੀ ਦੀ ਪੁਲਸ ਨੇ ਇੰਚਾਰਜ ਐੈੱਸ. ਆਈ. ਗੁਰਦੀਪ ਸਿੰਘ ਦੀ ਅਗਵਾਈ ਹੇਠ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿਚ ਪੱਪੂ ਵਾਸੀ ਧਾਮੋਮਾਜਰਾ ਜ਼ਿਲਾ ਪਟਿਆਲਾ ਅਤੇ ਰਾਹੁਲ ਪਾਂਡੇ ਕਿਰਾਏਦਾਰ ਪ੍ਰਤਾਪ ਨਗਰ ਪਟਿਆਲਾ ਸ਼ਾਮਲ ਹਨ। ਦੋਵਾਂ ਤੋਂ ਚੋਰੀ ਕੀਤੇ ਸਿਲੰਡਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
ਇੰਚਾਰਜ ਐੈੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ 23 ਨੰਬਰ ਫਾਟਕ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਚੋਰੀ ਦੇ ਹੋਰ ਸਾਮਾਨ ਦੀ ਬਰਾਮਦਗੀ ਹੋਣ ਦੀ ਵੀ ਉਮੀਦ ਹੈ। ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਏ. ਐੈੱਸ. ਆਈ. ਜਗਵੰਤ ਸਿੰਘ ਤੇ ਹੌਲਦਾਰ ਭਗਵੰਤ ਸਿੰਘ ਵਾਲੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੱਪੂ ਖਿਲਾਫ ਇਕ ਕਤਲ ਦਾ ਕੇਸ ਅਤੇ 18 ਚੋਰੀ ਦੇ ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਹਨ। ਇਸ ਲਈ ਪੁਲਸ ਨੇ ਹੁਣ ਉਸ ਨੂੰ ਪੁਲਸ ਰਿਮਾਂਡ 'ਤੇ ਲੈ ਕੇ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ।