ਮੋਟਰਸਾਈਕਲ ਪਿੱਛੇ ਬੈਠੀ ਕੁੜੀ ਕੋਲੋਂ ਮੋਬਾਇਲ ਖੋਹਣ ਵਾਲੇ 2 ਲੁਟੇਰੇ ਗ੍ਰਿਫ਼ਤਾਰ

Friday, Dec 29, 2023 - 02:38 PM (IST)

ਮੋਟਰਸਾਈਕਲ ਪਿੱਛੇ ਬੈਠੀ ਕੁੜੀ ਕੋਲੋਂ ਮੋਬਾਇਲ ਖੋਹਣ ਵਾਲੇ 2 ਲੁਟੇਰੇ ਗ੍ਰਿਫ਼ਤਾਰ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਥਾਣਾ ਦੌਰਾਗਲਾ ਅਧੀਨ ਆਉਂਦੇ ਪਿੰਡ ਤਾਜਪੁਰ ਨੇੜੇ ਬੀਤੇ ਦਿਨੀਂ ਅਣਪਛਾਤੇ ਲੁਟੇਰਿਆਂ ਨੇ ਮੋਟਰਸਾਈਕਲ ਪਿੱਛੇ ਬੈਠੀ ਕੁੜੀ ਤੋਂ ਮੋਬਾਇਲ ਖੋਹ ਲਿਆ ਸੀ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਨੂੰ ਸੁਨੀਲ ਕੁਮਾਰ ਪੁੱਤਰ ਮੱਖਣ ਲਾਲ ਵਾਸੀ ਸਾਹਪੁਰ ਅਫਗਾਨਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਮੈਂ ਅਤੇ ਮੇਰੀ ਭੈਣ ਅੰਜੂ ਬਾਲਾ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਨੂੰ ਜਾ ਰਹੇ ਸੀ ਅਤੇ ਚੱਲਦੇ ਮੋਟਰਸਾਈਕਲ 'ਤੇ ਮੇਰੀ ਭੈਣ ਆਪਣੇ ਮੋਬਾਇਲ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ।

ਜਦ ਅਸੀਂ ਪਿੰਡ ਤਾਜਪੁਰ ਸਕੂਲ ਨੇੜੇ ਪੁੱਜੇ ਤਾਂ ਪਿੱਛੇ ਤੋਂ ਇੱਕ ਪਲਸਰ ਮੋਟਰਸਾਈਕਲ 'ਤੇ 2 ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਅਤੇ ਆਪਣਾ ਮੋਟਰਸਾਈਕਲ ਸਾਡੇ ਮੋਟਰਸਾਇਕਲ ਦੇ ਬਰਾਬਰ ਕਰ ਕੇ ਫੋਨ ਨੂੰ ਝਪਟ ਮਾਰ ਕੇ ਖੋਹਿਆ ਅਤੇ ਫ਼ਰਾਰ ਹੋ ਗਏ। ਥਾਣਾ ਮੁਖੀ ਦੌਰਾਗਲਾ ਜਤਿੰਦਰ ਪਾਲ ਸਿੰਘ ਵੱਲੋਂ ਪੂਰੀ ਹਰਕਤ ਵਿੱਚ ਆਉਂਦੇ ਹੋਏ ਅੱਜ ਪਲਸਰ ਮੋਟਰਸਾਈਕਲ ਸਮੇਤ 2 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।

ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਮੰਨਿਆ ਕਿ ਇਹ ਲੁੱਟ-ਖੋਹ ਅਸੀਂ ਕੀਤੀ ਹੈ। ਪੁਲਸ ਮੁਤਾਬਕ ਦੋਸ਼ੀਆਂ ਦੀ ਪਛਾਣ ਰਾਜਨਦੀਪ ਸਿੰਘ ਰਾਜਾ ਵਾਸੀ ਗਾਹਲੜੀ ਤੇ ਹਰਪ੍ਰੀਤ ਸਿੰਘ ਹੈਪੀ ਵਾਸੀ ਸਾਹਪੁਰ ਅਫ਼ਗਾਨਾ ਵਜੋਂ ਦੱਸੀ ਗਈ ਹੈ। ਪੁਲਸ ਨੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News