ਬਿਜਲੀ ਮੰਤਰੀ ਨੇ ਗ਼ਲਤ ਰੀਡੀੰਗ ਦੇ ਬਿੱਲ ਜਾਰੀ ਕਰ ਕੇ PSPCL ਨੂੰ ਠੱਗਣ ਵਾਲੇ 2 ਕਲਰਕਾਂ ਨੂੰ ਕੀਤਾ ਮੁਅੱਤਲ
Monday, Feb 05, 2024 - 02:04 AM (IST)
 
            
            ਚੰਡੀਗੜ੍ਹ- ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਦਫਤਰ ਸ਼ਹਿਰੀ ਸਮਰਾਲਾ ਵਿਖੇ 2.74 ਲੱਖ ਰੁਪਏ ਦਾ ਵਿੱਤੀ ਘਪਲਾ ਕਰਨ ਲਈ 2 ਕਲਰਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਸਹਾਇਕ ਮਾਲ ਲੇਖਾਕਾਰ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।
ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਬਿਜਲੀ ਮੰਤਰੀ ਨੇ ਦੱਸਿਆ ਕਿ ਉਪ ਮੰਡਲ ਦਫਤਰ ਸ਼ਹਿਰੀ ਸਮਰਾਲਾ ਵਿਖੇ ਤਾਇਨਾਤ ਇਨ੍ਹਾ 2 ਕਲਰਕਾਂ ਅਤੇ ਇੱਕ ਮਾਲ ਲੇਖਾਕਾਰ ਵੱਲੋਂ ਬਿਜਲੀ ਖਪਤਕਾਰਾਂ ਦੁਆਰਾ ਜਮ੍ਹਾਂ ਕਰਵਾਏ ਗਏ ਬਿੱਲਾਂ ਦੀ ਰਸੀਦਾਂ ਨੂੰ ਰਿਵਰਸ ਕਰਨ ਉਪਰੰਤ ਖਪਤਕਾਰਾਂ ਨੂੰ ਗ਼ਲਤ ਰੀਡਿੰਗ ਦੇ ਬਿੱਲ ਜਾਰੀ ਕਰਕੇ ਪੀ.ਐੱਸ.ਪੀ.ਸੀ.ਐੱਲ ਦੇ ਮਾਲੀਏ ਦਾ ਵਿੱਤੀ ਨੁਕਸਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਉਕਤ ਕਰਮਚਾਰੀਆਂ ਪਾਸੋਂ ਬਣਦੀ ਰਕਮ ਵੀ ਜਮ੍ਹਾ ਕਰਵਾ ਲਈ ਗਈ ਹੈ।
ਇਹ ਵੀ ਪੜ੍ਹੋ- Big Breaking : ਅੰਮ੍ਰਿਤਸਰ 'ਚ ਹੋਈ ਵੱਡੀ ਵਾਰਦਾਤ, ਪਤੰਗਬਾਜ਼ੀ ਦੌਰਾਨ ਹੋਏ ਵਿਵਾਦ ਕਾਰਨ 2 ਧਿਰਾਂ 'ਚ ਚੱਲੀ ਗੋਲ਼ੀ
ਬਿਜਲੀ ਮੰਤਰੀ ਨੇ ਦੱਸਿਆ ਕਿ ਦੋਵਾਂ ਕਲਰਕਾਂ ਨੂੰ ਪੀ.ਐੱਸ.ਪੀ.ਸੀ.ਐੱਲ. ਕਰਮਚਾਰੀ ਸਜਾ ਤੇ ਅਪੀਲ ਦੇ ਰੈਗੂਲੇਸ਼ਨ 1971 ਦੇ ਵਿਨਿਯਮ 4(1) ਦੇ ਤਹਿਤ ਤੱਤਕਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਕਰਮਚਾਰੀਆਂ ਦਾ ਮੁਅੱਤਲੀ ਸਮੇਂ ਹੈੱਡ ਕੁਆਰਟਰ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਹਾਇਕ ਮਾਲ ਲੇਖਾਕਾਰ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਸਿਰ ਤੋਂ ਮਹਿੰਗਾਈ ਦਾ ਬੋਝ ਘਟਾਉਣ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਦਿੱਤੀ ਗਈ ਹੈ ਪਰ ਇਹ ਵਿਅਕਤੀ ਘਪਲਾ ਕਰਦਿਆਂ ਖ਼ਪਤਕਾਰਾਂ ਨੂੰ ਗਲਤ ਰੀਡਿੰਗ ਦੇ ਬਿੱਲ ਜਾਰੀ ਕਰਕੇ ਪੀ.ਐੱਸ.ਪੀ.ਸੀ.ਐੱਲ. ਨੂੰ ਮਾਲੀ ਤੌਰ 'ਤੇ ਨੁਕਸਾਨ ਪਹੁੰਚਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਅੰਦਰ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਰਹੇਗੀ।
ਇਹ ਵੀ ਪੜ੍ਹੋ- ਔਰਤ ਨੇ ਜ਼ਹੀਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ਨੇ ਬੱਚਿਆਂ ਨੂੰ ਨਹੀਂ ਹੋਣ ਦਿੱਤਾ ਸਸਕਾਰ 'ਚ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            