ਨਸ਼ੇ ਵਾਲੇ ਟੀਕੇ ਤੇ ਦਵਾਈਆਂ ਦੀ ਤਸਕਰੀ ਦੇ ਮਾਮਲੇ ’ਚ 2 ਨੂੰ 10-10 ਸਾਲ ਦੀ ਕੈਦ
Tuesday, Nov 26, 2024 - 12:58 PM (IST)
ਜਲੰਧਰ (ਜਤਿੰਦਰ, ਭਾਰਦਵਾਜ) : ਐਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਵਲੋਂ ਨਸ਼ੇ ਵਾਲੇ ਟੀਕੇ ਅਤੇ ਨਸ਼ੇ ਵਾਲੀਆਂ ਦਵਾਈਆਂ ਦੀ ਤਸਕਰੀ ਕਰਨ ਦੇ ਮਾਮਲੇ ਵਿਚ ਕਰਨੈਲ ਸਿੰਘ ਉਰਫ਼ ਕਾਲੀਆ ਪੁੱਤਰ ਹਰਵਿੰਦਰ ਸਿੰਘ ਵਾਸੀ ਸਰਸਿੰਘਵਾਲਾ ਜ਼ਿਲ੍ਹਾ ਕਪੂਰਥਲਾ ਤੇ ਜਸਵਿੰਦਰ ਸਿੰਘ ਉਰਫ਼ ਜੱਸਾ ਪੁੱਤਰ ਚਰਨ ਸਿੰਘ ਵਾਸੀ ਭੁਲੱਥ ਜ਼ਿਲ੍ਹਾ ਕਪੂਰਥਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਦੋਸ਼ ਸਾਬਤ ਹੋ ਜਾਣ ’ਤੇ ਉਕਤ ਦੋਹਾਂ ਨੂੰ 10-10 ਸਾਲ ਦੀ ਕੈਦ ਤੇ 1-1 ਲੱਖ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ ’ਤੇ ਦੋਸ਼ੀਆਂ ਨੂੰ ਚਾਰ-ਚਾਰ ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ਵਿਚ ਦੋਸ਼ੀਆਂ ਦੇ ਖ਼ਿਲਾਫ਼ 23 ਜੂਨ 2021 ਨੂੰ ਥਾਣਾ ਫਿਲੌਰ ਦੀ ਪੁਲਸ ਨੇ ਭਾਰੀ ਮਾਤਰਾ ਵਿਚ ਨਸ਼ੇ ਵਾਲੇ ਟੀਕੇ ਤੇ ਦਵਾਈਆਂ ਸਮੇਤ ਉਕਤ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਸੀ।