ਤੇਜ਼ ਰਫਤਾਰ ਟਰੱਕ ਨੇ 3 ਲੋਕਾਂ ਨੂੰ ਦਰੜਿਆ, 2 ਦੀ ਮੌਤ

Monday, Jun 13, 2022 - 11:29 AM (IST)

ਤੇਜ਼ ਰਫਤਾਰ ਟਰੱਕ ਨੇ 3 ਲੋਕਾਂ ਨੂੰ ਦਰੜਿਆ, 2 ਦੀ ਮੌਤ

ਸਾਹਨੇਵਾਲ (ਜ.ਬ.) : ਆਪਣਾ ਟਰੱਕ ਸੜਕ ਦੀ ਸਾਈਡ ’ਤੇ ਖੜ੍ਹਾ ਕੇ ਗੱਲਾਂ ਕਰ ਰਹੇ 4 ਵਿਅਕਤੀਆਂ ’ਤੇ ਇਕ ਅਣਪਛਾਤੇ ਟਰੱਕ ਚਾਲਕ ਵੱਲੋਂ ਟਰੱਕ ਚੜ੍ਹਾਉਣ ਨਾਲ 2 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਜੀ. ਟੀ. ਰੋਡ ਦਿੱਲੀ ’ਤੇ ਕੀਆ ਮੋਟਰਜ਼ ਦੇ ਸ਼ੋਅਰੂਮ ਦੇ ਸਾਹਮਣੇ ਰਾਤ ਕਰੀਬ ਸਾਢੇ 12 ਵਜੇ ਵਾਪਰਿਆ।

ਥਾਣਾ ਸਾਹਨੇਵਾਲ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਸਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਗਿੱਲ, ਨਜ਼ਦੀਕ ਵਾਲਮੀਕਿ ਮੰਦਰ, ਮੋਗਾ ਨੇ ਦੱਸਿਆ ਕਿ ਉਹ ਆਪਣੇ ਭਰਾ ਕੁਲਵੰਤ ਸਿੰਘ ਅਤੇ ਦੋ ਹੋਰ ਸਾਥੀਆਂ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਸੁਖਮਨ ਸਿੰਘ ਪੁੱਤਰ ਵਿਜੇ ਸਿੰਘ ਨਾਲ ਆ ਰਿਹਾ ਸੀ। ਰਸਤੇ ’ਚ ਸਲਿੱਪ ਰੋਡ ’ਤੇ ਉਨ੍ਹਾਂ ਨੇ ਆਪਣਾ ਟਰੱਕ ਰੋਡ ਦੇ ਸਾਈਡ ’ਤੇ ਖੜ੍ਹਾ ਕਰ ਦਿੱਤਾ ਅਤੇ ਉਤਰ ਕੇ ਗੱਲਾਂ ਕਰ ਰਹੇ ਸੀ। ਇਸ ਦੌਰਾਨ ਦੂਜੀ ਸਾਈਡ ਤੋਂ ਇਕ ਟਰੱਕ ਤੇਜ਼ ਰਫਤਾਰ ਨਾਲ ਆਇਆ ਅਤੇ ਚਾਲਕ ਨੇ ਲਾਪਰਵਾਹੀ ਨਾਲ ਕੁਲਵੰਤ, ਸਤਨਾਮ ਅਤੇ ਸੁਖਮਨ ’ਤੇ ਚੜ੍ਹਾ ਦਿੱਤਾ, ਜਿਸ ਨਾਲ ਕੁਲਵੰਤ ਸਿੰਘ ਅਤੇ ਸਤਨਾਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਸੁਖਮਨ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।


author

Babita

Content Editor

Related News