ਰਾਜਸਥਾਨ ਤੋਂ ਅਫ਼ੀਮ ਲਿਆ ਕੇ ਸਪਲਾਈ ਕਰਨ ਵਾਲੇ 2 ਕਾਬੂ
Saturday, Mar 04, 2023 - 11:34 AM (IST)
ਲੁਧਿਆਣਾ (ਰਾਜ) : ਰਾਜਸਥਾਨ ਤੋਂ ਅਫ਼ੀਮ ਦੀ ਖ਼ੇਪ ਲਿਆ ਕੇ ਸ਼ਹਿਰ ’ਚ ਸਪਲਾਈ ਕਰਨ ਵਾਲੇ 2 ਤਸਕਰਾਂ ਨੂੰ ਥਾਣਾ ਸਦਰ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 2.6 ਕਿਲੋ ਅਫ਼ੀਮ ਬਰਾਮਦ ਹੋਈ ਹੈ। ਪੁਲਸ ਰਾਜਸਥਾਨ ਦੇ ਨਾਗੌਰ ਦੇ ਪਿੰਡ ਮਾਗਲੋਧ ਦਾ ਧਨਰਾਜ ਅਤੇ ਹਨੂਮਾਨ ਹਨ। ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਇਲਾਕੇ ’ਚ ਗਸ਼ਤ ਕਰ ਰਹੀ ਸੀ।
ਜਦੋਂ ਪੁਲਸ ਟੀਮ ਪਿੰਡ ਖੇੜਾ ਚੌਂਕ ਕੋਲ ਪੁੱਜੀ ਤਾਂ ਬੰਦ ਪਈ ਕੋਠੀ ਦੇ ਬਾਹਰ ਮੁਲਜ਼ਮ ਬੈਗ ਲੈ ਕੇ ਬੈਠੇ ਸਨ। ਪੁਲਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਬੈਗ ਛੱਡ ਕੇ ਭੱਜਣ ਲੱਗੇ, ਜਿਨ੍ਹਾਂ ਨੂੰ ਪਿੱਛਾ ਕਰ ਕੇ ਕੁਝ ਦੂਰ ਫੜ੍ਹ ਲਿਆ। ਜਦੋਂ ਮੁਲਜ਼ਮਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਅਫ਼ੀਮ ਬਰਾਮਦ ਹੋਈ। ਪੁਲਸ ਮੁਤਾਬਕ ਮੁਲਜ਼ਮ ਧਨਰਾਜ ਪ੍ਰਾਈਵੇਟ ਨੌਕਰੀ ਕਰਦਾ ਹੈ, ਜਦੋਂਕਿ ਹਨੂਮਾਨ ਖੇਤੀਬਾੜੀ ਕਰਦਾ ਹੈ।
ਦੋਵੇਂ ਸ਼ਾਰਟਕੱਟ ਤਰੀਕੇ ਨਾਲ ਪੈਸਾ ਕਮਾਉਣਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਰਾਜਸਥਾਨ ਤੋਂ ਪੰਜਾਬ ’ਚ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਮੁਲਜ਼ਮ ਵੱਖ-ਵੱਖ ਸ਼ਹਿਰਾਂ ਤੋਂ ਅਫ਼ੀਮ ਦੀ ਖ਼ੇਪ ਬੱਸ ਰਾਹੀਂ ਪੰਜਾਬ ਲਿਆਉਂਦੇ ਸਨ ਅਤੇ ਇੱਥੇ ਸਪਲਾਈ ਕਰਦੇ ਸਨ। ਮੁਲਜ਼ਮ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।