ਮੋਬਾਇਲ ਖੋਹਣ ਤੇ ਦੋਪਹੀਆ ਵਾਹਨ ਚੋਰੀ ਕਰਨ ਦੇ ਦੋਸ਼ ’ਚ 2 ਗ੍ਰਿਫ਼ਤਾਰ
Friday, Dec 06, 2024 - 03:16 PM (IST)
ਲੁਧਿਆਣਾ (ਗੌਤਮ) : ਫੋਕਲ ਪੁਆਇੰਟ ਇਲਾਕੇ ’ਚ ਰਾਹਗੀਰਾਂ ਤੋਂ ਮੋਬਾਇਲ ਖੋਹਣ ਅਤੇ ਦੋਪਹੀਆ ਵਾਹਨ ਚੋਰੀ ਕਰਨ ਦੇ ਦੋਸ਼ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਖਾਕਟ ਦੇ ਰਹਿਣ ਵਾਲੇ ਗੁਰਲਾਲ ਸਿੰਘ ਅਤੇ ਜਸਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮਾਂ ਤੋਂ ਖੋਹੇ ਗਏ 5 ਮੋਬਾਇਲ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।
ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ। ਇੰਸ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਚੌਂਕੀ ਇਸ਼ਵਰ ਕਾਲੋਨੀ ਦੀ ਟੀਮ ਪਿੱਪਲ ਚੌਂਕ ਕੋਲ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਮੁਲਜ਼ਮਾਂ ਕੋਲ ਇਕ ਚੋਰੀ ਦਾ ਮੋਟਰਸਾਈਕਲ ਹੈ, ਜੋ ਇਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਹਗੀਰਾਂ ਤੋਂ ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਖੋਂਹਦੇ ਹਨ। ਉਹ ਇਸ ਸਮੇਂ ਵਾਰਦਾਤ ਕਰਨ ਲਈ ਮੰਗਲੀ ਨੀਚੀ ਰੋਡ, ਗੋਬਿੰਦਗੜ੍ਹ ਵੱਲ ਘੁੰਮ ਰਹੇ ਹਨ।
ਸੂਚਨਾ ਦੇ ਆਧਾਰ ਕਾਰਵਾਈ ਕਰਦਿਆਂ ਉਨ੍ਹਾਂ ਦੀ ਟੀਮ ਨੇ ਮਠਿਆਈ ਫੈਕਟਰੀ ਨੀਚੀ ਮੰਗਲੀ ਕੋਲ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਉਕਤ ਮੁਲਜ਼ਮ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ। ਪੁਲਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਬਚ ਕੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਚੌਕਸੀ ਦਿਖਾਉਂਦੇ ਹੋਏ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਖੋਹੇ ਗਏ 5 ਮੋਬਾਇਲ ਅਤੇ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਚੋਰੀ ਦੇ ਮੋਟਰਸਾਈਕਲ ਦੀ ਵਰਤੋਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਰਦੇ ਸਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਹੋਰਨਾਂ ਵਾਰਦਾਤਾਂ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਮੁਲਜ਼ਮ ਗੁਰਲਾਲ ਸਿੰਘ ਖ਼ਿਲਾਫ਼ ਪਠਾਨਕੋਟ ਵਿਚ ਨਸ਼ਾ ਤਸਕਰੀ ਕਰਨ ਦੇ ਦੋਸ਼ ’ਚ ਕੇਸ ਦਰਜ ਹੈ। ਪੁਲਸ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।