ਦੋਸਤਾਂ ਕੋਲ ਲਾਇਸੈਂਸੀ ਪਿਸਤੌਲ ਦੇਖ ਕੇ ਜਾਗਿਆ ਸ਼ੌਕ, ਯੂ. ਪੀ. ਤੋਂ ਖਰੀਦ ਕੇ ਲਿਆਂਦਾ ਦੇਸੀ ਕੱਟਾ
Tuesday, Jul 24, 2018 - 11:27 AM (IST)

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ ਨੇ ਬਬਰੀਕ ਚੌਕ ਕੋਲ ਨਾਕੇਬੰਦੀ ਦੌਰਾਨ 2 ਬਾਈਕ ਸਵਾਰ ਟਰੱਕ ਡਰਾਈਵਰਾਂ ਨੂੰ ਦੇਸੀ ਕੱਟੇ ਸਣੇ ਕਾਬੂ ਕੀਤਾ ਹੈ। ਦੋਵਾਂ ਨੌਜਵਾਨਾਂ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਦੋਸਤਾਂ ਕੋਲ ਲਾਇਸੈਂਸੀ ਹਥਿਆਰ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੂੰ ਵੀ ਸ਼ੌਕ ਜਾਗਿਆ ਅਤੇ ਦੋਵੇਂ ਯੂ. ਪੀ. ਤੋਂ 6 ਹਜ਼ਾਰ ਖਰਚ ਕਰਕੇ ਦੇਸੀ ਕੱਟਾ ਅਤੇ ਗੋਲੀਆਂ ਖਰੀਦ ਲਿਆਏ।
ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਈਕ ਸਵਾਰ ਦੋ ਨੌਜਵਾਨ ਬਬਰੀਕ ਚੌਕ ਕੋਲ ਦੇਸੀ ਕੱਟਾ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਤੁਰੰਤ ਉਥੇ ਟ੍ਰੈਪ ਲਗਾ ਦਿੱਤਾ। ਟ੍ਰੈਪ ਵਿਚ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਦੇਸੀ ਕੱਟਾ ਅਤੇ ਇਕ ਰੌਂਦ ਮਿਲ ਗਿਆ। ਨੌਜਵਾਨਾਂ ਦੀ ਪਛਾਣ ਸੰਤਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪੱਦੀ ਖਾਲਸਾ ਗੋਰਾਇਆ ਅਤੇ ਜਸਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਦੋਵੇਂ ਵਾਸੀ ਅੱਟਾ ਗੋਰਾਇਆ ਦੇ ਤੌਰ 'ਤੇ ਹੋਈ ਹੈ। ਦੋਵੇਂ ਟਰੱਕ ਚਾਲਕ ਹਨ।
ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਮਾਲ ਛੱਡਣ ਯੂ. ਪੀ. ਗਏ ਸਨ, ਉਥੋਂ 6 ਹਜ਼ਾਰ ਦਾ ਦੇਸੀ ਕੱਟਾ ਅਤੇ ਦੋ ਗਲੀਆਂ ਖਰੀਦ ਕੇ ਲਿਆਏ ਸਨ। ਇਕ ਗੋਲੀ ਉਨ੍ਹਾਂ ਦੇਸੀ ਕੱਟੇ ਦਾ ਟੈਸਟ ਲੈਣ ਲਈ ਚਲਾ ਦਿੱਤੀ ਸੀ। ਉਨ੍ਹਾਂ ਸ਼ੌਕੀਆ ਤੌਰ 'ਤੇ ਹੀ ਦੇਸੀ ਕੱਟਾ ਖਰੀਦਿਆ ਸੀ। ਹਾਲਾਂਕਿ ਦੋਵਾਂ ਖਿਲਾਫ ਕੋਈ ਕੇਸ ਦਰਜ ਨਹੀਂ ਹੈ ਅਤੇ ਨਾ ਹੀ ਕੋਈ ਗੈਂਗਸਟਰ ਜਾਂ ਫਿਰ ਅਪਰਾਧੀ ਕਿਸਮ ਦੇ ਲੋਕਾਂ ਨਾਲ ਕੋਈ ਸਬੰਧ ਹੈ। ਪੁਲਸ ਨੇ ਸੰਤਾ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਭਾਵੇਂ ਚਰਚਾ ਇਹ ਵੀ ਸੀ ਕਿ ਦੋਵੇਂ ਬਬਰੀਕ ਚੌਕ ਕੋਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ, ਜਦੋਂਕਿ ਸੀ. ਆਈ. ਏ. ਸਟਾਫ ਦੀ ਪੁਲਸ ਨੇ ਇਸ ਦਾ ਖੰਡਨ ਕੀਤਾ ਹੈ।