...ਜਦੋਂ ਆਪਣੀ ਜਾਨ ''ਤੇ ਖੇਡ ਕੇ ਪੁਲਸ ਨੇ ਇਨੋਵਾ ਗੱਡੀ ਸਮੇਤ ਦਬੋਚੇ ਦੋ ਨੌਜਵਾਨ
Sunday, Apr 21, 2019 - 06:40 PM (IST)

ਜਲੰਧਰ— ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਥਾਣਾ ਸ਼ਾਹਕੋਟ ਅਤੇ ਥਾਣਾ ਨਕੋਦਰ ਦੇ ਇੰਚਾਰਜਾਂ ਨੇ ਪੁਲਸ ਪਾਰਟੀ ਸਮੇਤ ਆਪਣੀ ਜਾਨ 'ਤੇ ਖੇਡ ਕੇ ਦੋ ਲੁਟੇਰਿਆਂ ਨੂੰ ਇਨੋਵਾ ਗੱਡੀ ਸਣੇ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ 20 ਅਪ੍ਰੈਲ ਨੂੰ ਮੋਗਾ ਦੇ ਕੰਟਰੋਲ ਰੂਮ 'ਚ ਮੈਸੇਜ ਆਇਆ ਕਿ ਇਕ ਇਨੋਵਾ ਪੀ. ਬੀ.-32 ਐੱਚ-4032 ਚੋਰੀ ਹੋ ਗਈ ਹੈ। ਇਸ ਤੋਂ ਬਾਅਦ ਅੱਜ ਸਵੇਰੇ 8.25 'ਤੇ ਮੈਸੇਜ ਆਇਆ ਕਿ ਚੋਰੀ ਦੀ ਇਨੋਵਾ ਸ਼ਾਹਕੋਟ ਦਾ ਨਾਕਾ ਤੋੜ ਕੇ ਤੇਜ਼ ਰਫਤਾਰ ਨਾਲ ਜਲੰਧਰ ਵੱਲ ਆ ਰਹੀ ਹੈ, ਜਿਸ ਦਾ ਪਿੱਛਾ ਥਾਣਾ ਸ਼ਾਹਕੋਟ ਦੇ ਇੰਚਾਰਜ ਪਵਿੱਤਰ ਸਿੰਘ ਪੁਲਸ ਪਾਰਟੀ ਦੇ ਨਾਲ ਕਰ ਰਹੇ ਹਨ। ਸੂਚਨਾ ਮਿਲਦੇ ਹੀ ਥਾਣਾ ਸਦਰ ਨਕੋਦਰ ਦੇ ਇੰਚਾਰਜ ਮੁਹੰਮਦ ਜ਼ਮੀਲ ਨੇ 9 ਵਜੇ ਸਖਤ ਨਾਕਾਬੰਦੀ ਕਰ ਦਿੱਤੀ ਅਤੇ ਸ਼ਾਹਕੋਟ ਵੱਲੋਂ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ।
ਜਾਨ 'ਤੇ ਖੇਡ ਕੇ ਦਬੋਚੇ ਦੋ ਨੌਜਵਾਨ
ਉਨ੍ਹਾਂ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਇਸੇ ਦੌਰਾਨ ਇਕ ਤੇਜ਼ ਰਫਤਾਰ ਇਨੋਵਾ ਗੱਡੀ ਉਨ੍ਹਾਂ ਵੱਲ ਆਉਂਦੀ ਦਿਖਾਈ ਦਿੱਤੀ, ਜਿਸ ਦੇ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਬੈਰੀਕੇਡ ਨੂੰ ਟੱਕਰ ਮਾਰ ਕੇ ਗੱਡੀ ਥਾਣਾ ਇੰਚਾਰਜ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਥਾਣਾ ਇੰਚਾਰਜ ਨੇ ਗੱਡੀ ਦੇ ਅੱਗੇ ਬੈਰੀਕੇਡ ਸੁੱਟ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਨੋਵਾ ਚਾਲਕ ਨੇ ਉਸੇ ਰਫਤਾਰ ਨਾਲ ਗੱਡੀ ਨੂੰ ਪਿੱਛੇ ਮੋੜ ਦਿੱਤੀ। ਪੁਲਸ ਕਰਮਚਾਰੀ ਨੇ ਆਪਣੀ ਪਿਸਤੌਲ ਦੇ ਨਾਲ ਦੋ ਫਾਇਰ ਕੀਤੇ ਜੋ ਕਿ ਇਨੋਵਾ ਦੇ ਟਾਇਰ 'ਤੇ ਲੱਗੇ। ਟਾਇਰ ਫੱਟਣ ਤੋਂ ਬਾਅਦ ਵੀ ਇਨੋਵਾ ਚਾਲਕ ਨੇ ਗੱਡੀ ਨੂੰ ਨੂਰਪੁਰ ਵੱਲ ਮੋੜ ਲਿਆ। 2 ਕਿਲੋਮੀਟਰ ਦੂਰ ਜਾਣ ਤੋਂ ਬਾਅਦ ਰਸਤਾ ਬੰਦ ਹੋਣ ਕਰਕੇ ਗੱਡੀ 'ਚੋਂ ਚਾਰ ਨੌਜਵਾਨ ਉਤਰੇ ਅਤੇ ਭੱਜਣ ਲੱਗੇ। ਰੌਲਾ ਸੁਣ ਕੇ ਇਲਾਕਾ ਵਾਸੀ ਇਕੱਠੇ ਹੋ ਗਏ ਅਤੇ ਪੁਲਸ ਦੇ ਨਾਲ ਮਿਲ ਕੇ ਦੋ ਮੁਲਜ਼ਮਾਂ ਨੂੰ ਫੜਿਆ ਗਿਆ ਜਦਕਿ ਦੋ ਫਰਾਰ ਹੋਣ 'ਚ ਕਾਮਯਾਬ ਰਹੇ।
ਇਹ ਹੋਈ ਮੁਲਜ਼ਮਾਂ ਦੀ ਪਛਾਣ
ਪੁਲਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਗਤਾਰ ਸਿੰਘ ਉਰਫ ਨਿੱਕਾ ਉਮਰ 24 ਸਾਲ ਪੁੱਤਰ ਅਮਰਜੀਤ ਸਿੰਘ ਵਾਸੀ ਸਾਧਾ ਵਾਲੀ ਬਸਤੀ ਮੋਗਾ ਅਤੇ ਕਰਨ ਸਿੰਘ ਉਰਫ ਅਜੇ (22) ਪੁੱਤਰ ਚਰਨਜੀਤ ਸਿੰਘ ਮੋਗਾ ਦੇ ਤੌਰ 'ਤੇ ਕੀਤੀ ਹੈ। ਉਥੇ ਹੀ ਫਰਾਰ ਦੋਸ਼ੀਆਂ ਦੀ ਪਛਾਣ ਜੋਤੀ ਪੁੱਤਰ ਪੂਰਨ ਸਿੰਘ ਮੋਗਾ, ਕਰਮਾ ਪੁੱਤਰ ਜੰਗ ਸਿੰਘ ਮੋਗਾ ਦੇ ਰੂਪ 'ਚ ਹੋਈ ਹੈ। ਕਾਬੂ ਕੀਤੇ ਗਏ ਜਗਤਾਰ 'ਤੇ ਵੱਖ-ਵੱਖ ਥਾਣਿਆਂ 'ਚ 6 ਮਾਮਲੇ ਦਰਜ ਹਨ ਅਤੇ ਫਰਾਰ ਮੁਲਜ਼ਮ ਕਰਮਾ 'ਤੇ ਦੋ ਮਾਮਲੇ ਦਰਜ ਹਨ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।