ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ 2 ਘੰਟੇ ਬਰਨਾਲਾ ਕੈਂਚੀਆਂ 'ਚ ਰਿਹਾ ਟ੍ਰੈਫਿਕ ਜਾਮ
Friday, Oct 09, 2020 - 08:36 PM (IST)
ਸੰਗਰੂਰ, (ਵਿਜੈ ਕੁਮਾਰ ਸਿੰਗਲਾ)- ਹਰਿਆਣਾ ਦੇ ਕਿਸਾਨਾਂ 'ਤੇ ਸਿਰਸਾ ਵਿੱਚ ਹੋਏ ਲਾਠੀਚਾਰਜ ਅਤੇ ਯੂ ਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਅਤੇ ਕਤਲ ਦੀ ਘਟਨਾ ਦੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਰੇਲ ਰੋਕੋ ਮੋਰਚੇ ਦੇ ਨੌਵੇਂ ਦਿਨ ਬਰਨਾਲਾ ਕੈਂਚੀਆਂ ਵਿੱਚ 12 ਵਜੇ ਤੋਂ 2 ਵਜੇ ਤੱਕ ਟ੍ਰੈਫਿਕ ਜਾਮ ਕਰਕੇ ਧਰਨਾ ਦਿੱਤਾ ਗਿਆ। ਅੱਜ ਦੇ ਧਰਨੇ ਵਿੱਚ ਕੈਪਟਨ ਸਰਕਾਰ ਦੇ ਨਿਰਦੇਸ਼ਾਂ 'ਤੇ ਖੇਤੀ ਸੈਕਟਰ ਦੀ ਬਿਜਲੀ 'ਤੇ ਵੱਡਾ ਕੱਟ ਲਾਉਣ ਦੀ ਨਿੰਦਾ ਕਰਦਿਆਂ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ।
ਅੱਜ ਪਹਿਲਾਂ ਕਿਸਾਨ ਹਰ ਰੋਜ ਦੀ ਤਰ੍ਹਾਂ ਰੇਲਵੇ ਸਟੇਸ਼ਨ ਸੰਗਰੂਰ 'ਤੇ ਇਕੱਠੇ ਹੋਏ ਉਥੋਂ ਰੋਸ ਮਾਰਚ ਕਰਦੇ ਹੋਏ ਮਹਾਵੀਰ ਚੌਕ 'ਚ ਮੁੱਖ ਸੜਕ ਜਾਮ ਕੀਤੀ ਗਈ। ਰੇਲਵੇ ਟਰੈਕ 'ਤੇ ਲੱਗੇ ਮੋਰਚੇ 'ਚ ਵੀ ਕਿਸਾਨ ਕਾਰਕੁਨ ਹਾਜ਼ਰ ਰਹੇ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਰਾਜੇਵਾਲ ਦੇ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ, ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫ਼ਤਿਹਗੜ੍ਹ ਭਾਦਸੋਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਨਮੋਲ, ਬੀਕੇਯੂ ਡਕੌਂਦਾ ਦੇ ਬਲਾਕ ਆਗੂ ਜਰਨੈਲ ਸਿੰਘ ਝਨੇੜੀ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ )ਦੇ ਹਰਦੇਵ ਸਿੰਘ ਬਖਸ਼ੀਵਾਲਾ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਗੁਰਤੇਜ ਸਿੰਘ ਜਨਾਲ, ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਨਵਾਂਗਾਓ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਦੀ ਆਰਐਸਐਸ ਅਤੇ ਭਾਜਪਾ ਦੇ ਦੀ ਸਰਕਾਰ ਦੇ ਰਾਜ ਵਿੱਚ ਅੱਜ ਜਿੱਥੇ ਕਿਸਾਨਾਂ ਦੀ ਹਾਲਤ ਮੋੜੀ ਹੋ ਚੁੱਕੀ ਹੈ, ਨੌਜਵਾਨਾਂ ਚ ਬੇਰੁਜ਼ਗਾਰੀ ਵੱਧ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਮੋਦੀ ਰਾਜ ਵਿੱਚ ਅੱਜ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਮਹਿਫੂਜ਼ ਨਹੀਂ ।ਅਜਿਹੀ ਨਿਕੰਮੀ ਸਰਕਾਰ ਖ਼ਿਲਾਫ਼ ਲੋਕਾਂ ਨੂੰ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਲੋੜ ਹੈ ।ਕੇਂਦਰ ਦੀਆਂ ਨੀਤੀਆਂ ਕਾਰਨ ਅੱਜ ਦੇਸ਼ ਦਾ ਵਪਾਰੀ ਵਰਗ ਵੀ ਨੋਟਬੰਦੀ ਅਤੇ ਜੀਐੱਸਟੀ ਦੀ ਮਾਰ ਕਾਰਨ ਮੰਦੇ ਦੇ ਦੌਰ ਚੋਂ ਗੁਜ਼ਰ ਰਿਹਾ ਹੈ ਜਿਸ ਨੂੰ ਭਾਜਪਾ ਸਰਕਾਰ ਸਿਰਫ ਧਰਮ ਦੇ ਆਧਾਰ ਤੇ ਭਾਵਨਾਤਮਕ ਗੱਲਾਂ ਕਰਕੇ ਪ੍ਰਚਾਉਣਾ ਚਾਹੁੰਦੀ ਹੈ। ਪਰ ਹੁਣ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਆਰਐਸਐਸ ਅਤੇ ਭਾਜਪਾ ਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਸੁਚੇਤ ਹਨ ਤੇ ਸਾਰੇ ਵਰਗ ਮਿਲ ਕੇ ਸੰਘਰਸ਼ ਲੜ ਰਹੇ ਹਨ ਆਗੂਆਂ ਨੇ ਐਲਾਨ ਕੀਤਾ ਕਿ ਕੱਲ ਨੂੰ ਸੰਗਰੂਰ ਸ਼ਹਿਰ ਚ ਖੇਤੀ ਕਾਨੂੰਨਾਂ ਅਤੇ ਆਰ ਆਰਐਸਐਸ ਆਗੂਆਂ ਵੱਲੋਂ ਰੋਸ਼ ਪ੍ਰਗਟ ਕਰ ਰਹੇ ਨੌਜਵਾਨਾਂ ਤੇ ਪਰਚਾ ਦਰਜ ਕਰਾਉਣ ਦੇ ਰੋਸ਼ ਵਜੋਂ ਆਰ.ਅੈਸ.ਅੈਸ. ਅਤੇ ਭਾਜਪਾ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਕਿਸਾਨ ਆਗੂ ਸੁਖਦੇਵ ਸਿੰਘ ਉੱਭਾਵਾਲ, ਬਲਦੇਵ ਸਿੰਘ ਨਿਹਾਲਗੜ੍ਹ ,ਹਰਭਜਨ ਕੌਰ ਜੌਲੀਆਂ, ਬਲਜੀਤ ਸਿੰਘ ਜੌਲੀਆਂ ,ਹਰਜੀਤ ਸਿੰਘ ਮੰਗਵਾਲ, ਜਰਨੈਲ ਸਿੰਘ ਜਨਾਲ, ਭਰਪੂਰ ਸਿੰਘ ਦੁੱਗਾਂ ,ਅਤਬਾਰ ਸਿੰਘ ਬਾਦਸਾਹਪੁਰ ,ਡੀ. ਅੈਮ.ਅੈਫ. ਦੇ ਆਗੂ ਸੁਖਪਾਲ ਸਿੰਘ ਸਫ਼ੀਪੁਰ ,ਕੋਵਿਡ ਵਾਲੰਟੀਅਰ ਯੂਨੀਅਨ ਵੱਲੋਂ ਰਮਨਦੀਪ ਸਿੰਘ ਚੋਟੀਆਂ ਨੇ ਵੀ ਸੰਬੋਧਨ ਕੀਤਾ ।