ਦਰਿਆਵਾਂ ਤੋਂ ਵੱਡੇ ਹੌਂਸਲੇ, ਬੇੜੇ ਰਾਹੀਂ ਸਤਲੁਜ ਪਾਰ ਸਕੂਲ ਜਾਂਦੀਆਂ 2 ਵਿਦਿਆਰਥਣਾਂ, ਮਿੱਥਿਆ ਦੇਸ਼ ਸੇਵਾ ਦਾ ਟੀਚਾ
Monday, Nov 14, 2022 - 04:05 PM (IST)
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਹੁਣ ਤੱਕ ਵੀ ਸਿੱਖਿਆ ਤੋਂ ਵਾਂਝੇ ਹਨ। ਦੱਸ ਦੇਈਏ ਕਿ ਇਸ ਸੂਚੀ 'ਚ ਫਿਰੋਜ਼ਪੁਰ ਦੇ ਪਿੰਡ ਕਾਲੂਵਾਲਾ ਦਾ ਨਾਂ ਵੀ ਸ਼ਾਮਲ ਹੈ। ਇੱਥੋਂ ਦੀਆਂ 2 ਵਿਦਿਆਰਥਣਾਂ ਰੋਜ਼ ਸਕੂਲ ਜਾਣ ਲਈ ਸਤਲੁਜ ਪਾਰ ਕਰਦੀਆਂ ਹਨ। ਜਾਣਕਾਰੀ ਮੁਤਾਬਕ ਪਿੰਡ ਕਾਲੂਵਾਲ ਦੀਆਂ 2 ਵਿਦਿਆਰਥਣਾਂ ਜੋ ਕਿ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ 'ਚ ਪੜ੍ਹਦੀਆਂ ਹਨ, ਸਕੂਲ ਜਾਣ ਲਈ ਉਹ ਕਿਸ਼ਤੀ ਰਾਹੀਂ ਸਤਲੁਜ ਪਾਰ ਕਰਦੀਆਂ ਹਨ ਅਤੇ ਫਿਰ ਇਸ ਤੋਂ ਬਾਅਦ 4 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਪਹੁੰਚਦੀਆਂ ਹਨ। ਇਕ ਵਿਦਿਆਰਥਣ ਦਾ ਨਾਮ ਕਿਰਨਾ ਰਾਣੀ ਹੈ, ਜੋ ਕਿ 8ਵੀਂ ਜਮਾਤ 'ਚ ਪੜ੍ਹਦੀ ਹੈ ਅਤੇ ਦੂਸਰੀ ਕਰੀਨਾ ਕੌਰ ਜੋ ਕਿ 6ਵੀਂ 'ਚ ਪੜ੍ਹਦੀ ਹੈ, ਸਕੂਲ ਸ਼ੁਰੂ ਹੋਣ ਦੇ ਕਰੀਬ ਡੇਢ ਘੰਟੇ ਪਹਿਲਾਂ ਘਰੋਂ ਨਿਕਲਦੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਕਿਰਨਾ ਅਤੇ ਕਰੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਬੇੜਾ ਚਲਾਉਣ ਦੀ ਆਦਤ ਪੈ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਪਿੰਡ ਕੰਡਿਆਲੀ ਤਾਰ ਦੇ ਕੋਲ ਪੈਂਦਾ ਹੈ , ਅਸੀਂ ਬਚਪਨ ਤੋਂ ਹੀ ਫੌਜ ਨੂੰ ਦੇਖਦੀਆਂ ਰਹੀਆਂ ਹਾਂ, ਇਸ ਲਈ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਟੀਚਾ ਹੈ।
ਵਿਭਾਗ ਵਿਦਿਆਰਥਣਾਂ ਦੀ ਹਰ ਸੰਭਵ ਮਦਦ ਕਰੇਗਾ : ਡੀ. ਈ. ਓ.
ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰਾ ਸਿੰਘ ਨੇ ਦੱਸਿਆ ਕਿ ਦੋਹਾਂ ਵਿਦਿਆਰਥਣਾਂ ਦੀ ਪੜ੍ਹਾਈ ਪ੍ਰਤੀ ਲਗਨ ਨੂੰ ਦੇਖਦਿਆਂ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਅਧਿਆਪਕਾਂ ਨੇ ਫ਼ੈਸਲਾ ਕੀਤਾ ਕਿ 14 ਨਵੰਬਰ ਮਤਲਬ ਕਿ ਅੱਜ ਉਨ੍ਹਾਂ ਨੂੰ ਬਹਾਦਰੀ ਲਈ ਸਨਮਾਨਿਤ ਕੀਤਾ ਜਾਵੇਗਾ ਅਤੇ 12ਵੀਂ ਕਲਾਸ ਤੱਕ ਦਾ ਖਰਚਾ ਉਨ੍ਹਾਂ ਵੱਲੋਂ ਚੁੱਕਿਆ ਜਾਵੇਗਾ। ਉਧਰ ਹੀ ਡੀ. ਆਈ. ਓ. ਚਮਕੌਰ ਸਿੰਘ ਨੇ ਕਿਹਾ ਕਿ ਜਿੱਥੇ ਤੱਕ ਸੰਭਵ ਹੋਵੇਗਾ ਵਿਭਾਗ ਵੱਲੋਂ ਦੋਵਾਂ ਵਿਦਿਆਰਥਣਾਂ ਦੀ ਮਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਿੰਸੀਪਲ ਨੇ ਕਿਹਾ ਕਿ ਸਿੱਖਿਆ ਖੇਤਰ 'ਚ ਸਰਹੱਦੀ ਇਲਾਕੇ ਬਹੁਤ ਪਛੜੇ ਹੋਏ ਹਨ। ਸਕੂਲ ਸਟਾਫ਼ 2017 ਤੋਂ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾ ਰਿਹਾ ਹੈ। ਇਸ ਦੇ ਨਾਲ ਸਰਹੱਦੀ ਖੇਤਰਾਂ ਦੇ ਸਭ ਤੋਂ ਵੱਡੀ ਇਸ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ 460 ਤੋਂ ਵੱਧ ਕੇ 800 ਤੱਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਲੂਵਾਲਾ ਦੀਆਂ ਇਨ੍ਹਾਂ ਵਿਦਿਆਰਥਣਾਂ ਦੇ ਜਜ਼ਬੇ ਤੋਂ ਹੋਰ ਵੀ ਬੱਚੀਆਂ ਸਿੱਖਿਆ ਪ੍ਰਤੀ ਪ੍ਰੇਰਿਤ ਹੋਣਗੀਆਂ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।