ਸਫ਼ਾਈ ਕਰਮਚਾਰੀ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 2 ਧੜੇ ਆਹਮੋ-ਸਾਹਮਣੇ
Sunday, Jul 23, 2017 - 01:50 AM (IST)

ਹੁਸ਼ਿਆਰਪੁਰ, (ਜੈਨ)- ਨਗਰ ਨਿਗਮ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਦੋ ਧੜੇ ਆਹਮੋ-ਸਾਹਮਣੇ ਖੜ੍ਹੇ ਹੋ ਗਏ ਹਨ। ਕਰੀਬ 48 ਘੰਟੇ ਪਹਿਲਾਂ 20 ਜੁਲਾਈ ਨੂੰ ਅਨਿਲ ਹੰਸ ਧੜੇ ਨੇ ਰਾਜਾ ਹੰਸ ਨੂੰ ਸਫ਼ਾਈ ਕਰਮਚਾਰੀ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਚੁਣਿਆ ਸੀ। ਅੱਜ ਇਸ ਘਟਨਾਕ੍ਰਮ 'ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਘੰਟਾਘਰ ਵਾਲਮੀਕਿ ਜੰਞਘਰ 'ਚ ਹੋਈ ਸਫ਼ਾਈ ਕਰਮਚਾਰੀਆਂ ਦੀ ਮੀਟਿੰਗ 'ਚ ਸਰਬਸੰਮਤੀ ਨਾਲ ਰਾਹੁਲ ਆਦੀਆ ਨੂੰ ਪ੍ਰਧਾਨਗੀ ਦੀ ਕਮਾਨ ਸੌਂਪਦਿਆਂ ਇਸ ਤੋਂ ਪਹਿਲਾਂ ਚੁਣੇ ਗਏ ਯੂਨੀਅਨ ਦੇ ਪ੍ਰਧਾਨ ਨੂੰ ਸਿਰੇ ਤੋਂ ਨਾਕਾਰ ਦਿੱਤਾ ਗਿਆ।
ਨਵ-ਨਿਯੁਕਤ ਪ੍ਰਧਾਨ ਰਾਹੁਲ ਆਦੀਆ ਨੇ ਕਿਹਾ ਕਿ ਰਾਜਨੀਤਿਕ ਸ਼ਹਿ 'ਤੇ ਇਸ ਤੋਂ ਪਹਿਲਾਂ ਜ਼ਬਰਦਸਤੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਸੀ, ਜਿਸਦਾ ਸਮੂਹ ਸਫ਼ਾਈ ਕਰਮਚਾਰੀਆਂ ਵੱਲੋਂ ਅੰਦਰਖਾਤੇ ਵਿਰੋਧ ਕੀਤਾ ਜਾਂਦਾ ਰਿਹਾ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਸਮਾਜ ਦੇ ਕੁੱਝ ਲੋਕ ਸਫ਼ਾਈ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਲਈ ਸਰਕਾਰ ਦਾ ਸਾਥ ਦੇ ਰਹੇ ਹਨ, ਜਿਸ ਲਈ ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਰਾਹੁਲ ਨੇ ਕਿਹਾ ਕਿ ਉਹ ਸਫ਼ਾਈ ਕਰਮਚਾਰੀਆਂ ਨੂੰ ਬਣਦੇ ਹੱਕ ਦਿਵਾਉਣ ਲਈ ਵਚਨਬੱਧ ਹੈ। ਇਸ ਮੌਕੇ ਕਰਨਜੋਤ ਆਦੀਆ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ।
ਭਗਵਾਨ ਵਾਲਮੀਕਿ ਸਭਾ ਨੇ ਵੀ ਦਿੱਤਾ ਆਸ਼ੀਰਵਾਦ : ਇਸ ਮੀਟਿੰਗ 'ਚ ਜ਼ਿਲਾ ਵਾਲਮੀਕਿ ਸਭਾ ਦੇ ਪ੍ਰਧਾਨ ਤੇ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸੰਯੁਕਤ ਸਕੱਤਰ ਮਨੋਜ ਕੈਨੇਡੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਤੇ ਨਵ-ਨਿਯੁਕਤ ਪ੍ਰਧਾਨ ਨੂੰ ਆਸ਼ੀਰਵਾਦ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਭਾਵਾਧਸ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸੁਰਿੰਦਰਪਾਲ ਭੱਟੀ ਨੇ ਵੀ ਰਾਹੁਲ ਆਦੀਆ ਨੂੰ ਸਮਰਥਨ ਪ੍ਰਦਾਨ ਕੀਤਾ।
ਇਸ ਮੌਕੇ ਸੋਮ ਨਾਥ ਆਦੀਆ, ਅਸ਼ੋਕ ਕੁਮਾਰ, ਬਲਰਾਮ, ਮੰਗਤ ਰਾਮ, ਰਾਕੇਸ਼ ਕੁਮਾਰ, ਨਾਨਕ, ਪ੍ਰਵੀਨ, ਸੁਨੀਤਾ, ਵੰਦਨਾ, ਰੀਟਾ ਤੇ ਸੁਰਜੀਤ ਆਦਿ ਵੀ ਮੌਜੂਦ ਸਨ।