ਸੁਭਾਨਪੁਰ ਪੁਲਸ ਦੀ ਵੱਡੀ ਕਾਰਵਾਈ, ਡਰੱਗ ਸਮੱਗਲਰਾਂ ਦੀ 2 ਕਰੋੜ ਰੁਪਏ ਦੀ ਜਾਇਦਾਦ ਅਟੈਚ

Thursday, Nov 24, 2022 - 11:43 AM (IST)

ਸੁਭਾਨਪੁਰ ਪੁਲਸ ਦੀ ਵੱਡੀ ਕਾਰਵਾਈ, ਡਰੱਗ ਸਮੱਗਲਰਾਂ ਦੀ 2 ਕਰੋੜ ਰੁਪਏ ਦੀ ਜਾਇਦਾਦ ਅਟੈਚ

ਕਪੂਰਥਲਾ/ਸੁਭਾਨਪੁਰ (ਭੂਸ਼ਣ/ਸਤਨਾਮ)-ਸੁਭਾਨਪੁਰ ਪੁਲਸ ਨੇ ਡਰੱਗ ਮਾਫ਼ੀਆ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦੇ ਹੋਏ ਕੰਪੀਟੈਂਟ ਅਥਾਰਿਟੀ ਨਵੀਂ ਦਿੱਲੀ ਤੋਂ ਮਨਜੂਰੀ ਲੈ ਕੇ 4 ਡਰੱਗ ਸਮੱਗਲਰਾਂ ਦੀ ਕਰੀਬ 2 ਕਰੋੜ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕਰ ਲਿਆ। ਅਟੈਚ ਕੀਤੀ ਗਈ ਪ੍ਰਾਪਰਟੀ ਨੂੰ ਰੈਵੀਨਿਊ ਵਿਭਾਗ ਦੀ ਮਦਦ ਨਾਲ ਲੰਬੀ ਮਿਹਨਤ ਤੋਂ ਬਾਅਦ ਸਰਕਾਰੀ ਤੌਰ ’ਤੇ ਪੂਰੀ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ’ਚ ਬੀਤੇ ਕਈ ਦਹਾਕਿਆਂ ਤੋਂ ਵੱਡਾ ਕੋਹੜ ਬਣ ਚੁੱਕੇ ਡਰੱਗ ਮਾਫ਼ੀਆ ਨੂੰ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਨੇ ਸੂਬੇ ਦੀ ਕਮਾਨ ਸੰਭਾਲਦੇ ਹੀ ਨਸ਼ਾ ਮਾਫ਼ੀਆ ਖ਼ਿਲਾਫ਼ ਇਕ ਜ਼ਬਰਦਸਤ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਨਤੀਜੇ ਵਜੋਂ ਜ਼ਿਲ੍ਹਾ ਕਪੂਰਥਲਾ ’ਚ ਹੀ ਭਾਰੀ ਗਿਣਤੀ ’ਚ ਡਰੱਗ ਸਮੱਗਲਰ ਸੀਖਾਂ ਪਿੱਛੇ ਪਹੁੰਚ ਗਏ ਹਨ। ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ’ਤੇ ਨਸ਼ੇ ਦੀ ਕਾਲੀ ਕਮਾਈ ਨਾਲ ਰਾਤੋ-ਰਾਤ ਅਮੀਰ ਬਣੇ ਡਰੱਗ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ

ਸਰਕਾਰੀ ਹੁਕਮਾਂ ’ਤੇ ਕੰਮ ਕਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾ ’ਤੇ ਐੱਸ. ਪੀ. (ਡੀ) ਹਰਵਿੰਦਰ ਸਿੰਘ ਅਤੇ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਦੀ ਨਿਗਰਾਨੀ ’ਚ ਬਣੀ ਵਿਸ਼ੇਸ਼ ਟੀਮ ਨੇ ਲੰਬੀ ਮਿਹਨਤ ਕਰਦੇ ਹੋਏ ਨਵੀਂ ਦਿੱਲੀ ’ਚ ਸਥਿਤ ਮਨਿਸਟਰੀ ਆਫ਼ ਫਾਈਨਾਂਸ ਨਾਲ ਸਬੰਧਤ ਕੰਪੀਟੈਂਟ ਅਥਾਰਟੀ ਦੀ ਮਨਜੂਰੀ ਲੈ ਕੇ ਡਰੱਗ ਬਰਾਮਦਗੀ ਦੇ 4 ਵੱਡੇ ਮਾਮਲਿਆਂ ’ਚ ਨਾਮਜ਼ਦ ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਪੂੰਡਾ ਪੁੱਤਰ ਨਿਹਾਲ ਸਿੰਘ ਵਾਸੀ ਪਿੰਡ ਹਮੀਰਾ ਦੀ 56 ਲੱਖ ਰੁਪਏ ਦੀ ਜਾਇਦਾਦ ਅਤੇ 8 ਲੱਖ ਰੁਪਏ ਦੇ ਟ੍ਰੈਕਟਰ-ਟਰਾਲੀ ਨੂੰ ਐੱਸ. ਐੱਚ. ਓ. ਸੁਭਾਨਪੁਰ ਇੰਸਪੈਕਟਰ ਰਣਜੋਧ ਸਿੰਘ ਦੀ ਅਗਵਾਈ ’ਚ ਪੁਲਸ ਟੀਮ ਨੇ ਰੈਵੀਨਿਊ ਵਿਭਾਗ ਦੀ ਮਦਦ ਨਾਲ ਸਰਕਾਰੀ ਤੌਰ ’ਤੇ ਅਟੈਚ ਕੀਤਾ। ਮੁਲਜ਼ਮ ਬਲਵਿੰਦਰ ਸਿੰਘ ਖ਼ਿਲਾਫ਼ ਥਾਣਾ ਸੁਭਾਨਪੁਰ ਦੀ ਪੁਲਸ ਨੇ 20 ਫਰਵਰੀ 2020 ਨੂੰ ਐੱਫ਼. ਆਈ. ਆਰ. ਨੰਬਰ 14 ਦੇ ਤਹਿਤ ਡਰੱਗ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਸੀ। ਉੱਥੇ ਹੀ ਸੁਭਾਨਪੁਰ ਪੁਲਸ ਵੱਲੋਂ ਨਾਮਜ਼ਦ ਬਲਦੇਵ ਕੌਰ ਉਰਫ਼ ਨਿੱਕੋ ਪਤਨੀ ਸਾਧੂ ਸਿੰਘ ਵਾਸੀ ਪਿੰਡ ਹਮੀਰਾ ਦੀ ਲਗਭਗ 37 ਲੱਖ ਰੁਪਏ ਮੁੱਲ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਵਾਇਆ, ਜਿਸ ’ਚ ਯੂਨੀਅਨ ਬੈਂਕ ਆਫ਼ ਇੰਡੀਆ ਦੀ ਹਮੀਰਾ ਬ੍ਰਾਂਚ ’ਚ ਪਈ ਨਕਦੀ ਨੂੰ ਵੀ ਸਰਕਾਰੀ ਤੌਰ ’ਤੇ ਸੀਲ ਕੀਤਾ ਗਿਆ ਹੈ।

ਮੁਲਜ਼ਮ ਮਹਿਲਾ ਬਲਦੇਵ ਕੌਰ ਉਰਫ ਨਿੱਕੋ ਖ਼ਿਲਾਫ਼ ਸੁਭਾਨਪੁਰ ਪੁਲਸ ਨੇ ਐੱਫ਼. ਆਈ. ਆਰ. ਨੰਬਰ 36 ਤਹਿਤ 10 ਅਪ੍ਰੈਲ 2020 ਨੂੰ ਡਰੱਗ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਸੀ। ਇਸੇ ਲੜੀ ’ਚ ਕਾਰਵਾਈ ਕਰਦੇ ਹੋਏ ਥਾਣਾ ਸੁਭਾਨਪੁਰ ਦੀ ਪੁਲਸ ਨੇ ਪਿੰਡ ਦਿਆਲਪੁਰ ਨਾਲ ਸਬੰਧਤ ਕਸ਼ਮੀਰ ਸਿੰਘ ਪੁੱਤਰ ਚਿੰਤਾ ਸਿੰਘ, ਜੋਕਿ ਡਰੱਗ ਬਰਾਮਦਗੀ ਦੇ ਮਾਮਲੇ ’ਚ ਐੱਫ਼. ਆਈ. ਆਰ. ਨੰਬਰ 10 ਤਹਿਤ 29 ਜਨਵਰੀ 2014 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਦੀ 56.50 ਲੱਖ ਰੁਪਏ ਦੀ ਜਾਇਦਾਦ ਅਤੇ ਬੈਂਕਾਂ ’ਚ ਪਈ ਨਕਦੀ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ ਹੈ। ਇਸੇ ਤਰ੍ਹਾਂ ਡਰੱਗ ਬਰਾਮਦਗੀ ਦੇ ਮਾਮਲੇ ’ਚ ਸੁਭਾਨਪੁਰ ਪੁਲਸ ਵੱਲੋਂ 22 ਫਰਵਰੀ 2012 ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤਜਿੰਦਰ ਸਿੰਘ ਉਰਫ਼ ਘੁੱਗੀ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਦਿਓਲਪੁਰ ਦੀ ਕਰੀਬ 30 ਲੱਖ ਰੁਪਏ ਦੀ ਜਾਇਦਾਦ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਗਿਆ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਬਾਦਲ ਪਰਿਵਾਰ ਤੋਂ ਮੁਕਤ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਂਗੀ ਮਜ਼ਬੂਤ

ਜ਼ਿਕਰਯੋਗ ਹੈ ਕਿ ਪਿਛਲੇ 4 ਮਹੀਨੇ ਦੌਰਾਨ ਕਪੂਰਥਲਾ ਪੁਲਸ ਨੇ ਜ਼ਿਲ੍ਹੇ ਦੇ 15 ਥਾਣਾ ਖੇਤਰਾਂ ’ਚ ਡਰੱਗ ਸਮੱਗਲਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਤੇ ਬੈਂਕ ਖਾਤਿਆਂ ਨੂੰ ਸਰਕਾਰੀ ਤੌਰ ’ਤੇ ਅਟੈਚ ਕੀਤਾ ਹੈ, ਜਿਨ੍ਹਾਂ ’ਚ ਕਈ ਸਮੱਗਲਰ ਕਾਫ਼ੀ ਸਮੇਂ ਤੋਂ ਡਰੱਗ ਸਮੱਗਲਿੰਗ ਦਾ ਧੰਦਾ ਕਰ ਰਹੇ ਸਨ ਅਤੇ ਕਈ ਸਮੱਗਲਰ ਜੇਲਾਂ ’ਚ ਬੰਦ ਹਨ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਭੁਲੱਥ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਭੁਲੱਥ ਸਬ ਡਿਵੀਜ਼ਨ ਦੇ ਚਾਰੇ ਥਾਣਾ ਖੇਤਰਾਂ ’ਚ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਨਸ਼ਾ ਸਮੱਗਲਰਾਂ ਦੀਆਂ ਪ੍ਰਾਪਰਟੀਆਂ ਨੂੰ ਸਰਕਾਰੀ ਤੌਰ ’ਤੇ ਅਟੈਚ ਕਰਨ ਲਈ ਵੱਡੀ ਮੁਹਿੰਮ ਜਾਰੀ ਹੈ, ਜਿਸ ਦੇ ਲਈ ਨਵੀਂ ਦਿੱਲੀ ਸਥਿਤ ਕੰਪੀਟੈਂਟ ਅਥਾਰਿਟੀ ਤੋਂ ਮਨਜੂਰੀ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : ਨੌਜਵਾਨ ਨੇ ਫ਼ੌਜੀ ਪੋਸਟ 'ਤੇ ਰਾਈਫਲ ਫੜ ਚਾਈਂ-ਚਾਈਂ ਕੀਤੀ 'ਨੌਕਰੀ', ਜਦ ਸਾਹਮਣੇ ਆਇਆ ਸੱਚ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News