2 ਕਾਰ ਸਵਾਰ ਰਾਜਸਥਾਨੀ 1150 ਨਸ਼ੇ ਵਾਲੀਅਾਂ ਸ਼ੀਸ਼ੀਆਂ ਸਮੇਤ ਕਾਬੂ, 1 ਫਰਾਰ
Sunday, Jul 01, 2018 - 05:23 AM (IST)
ਸੰਗਤ ਮੰਡੀ, (ਮਨਜੀਤ)- ਥਾਣਾ ਸੰਗਤ ਦੀ ਪੁਲਸ ਵੱਲੋਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਨਾਕਾਬੰਦੀ ਦੌਰਾਨ ਦੋ ਕਾਰ ਸਵਾਰ ਰਾਜਸਥਾਨੀਆਂ ਨੂੰ 1150 ਨਸ਼ੇ ਵਾਲੀਅਾਂ ਸ਼ੀਸ਼ੀਆਂ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਉਨ੍ਹਾਂ ਦਾ ਤੀਸਰਾ ਸਾਥੀ ਫਰਾਰ ਹੋਣ ’ਚ ਸਫਲ ਹੋ ਗਿਆ। ਥਾਣਾ ਮੁਖੀ ਗੁਰਬਖਸ਼ੀਸ਼ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਦੁਪਹਿਰ ਸਮੇਂ ਉਕਤ ਪਿੰਡ ਨਜ਼ਦੀਕ ਨਾਕੇਬੰਦੀ ਦੌਰਾਨ ਇਕ ਚਿੱਟੇ ਰੰਗ ਦੀ ਰਾਜਸਥਾਨ ਨੰ. ਵਾਲੀ ਅਲਟੋ ਕਾਰ ਨਾਕੇ ’ਤੇ ਰੁਕੀ, ਜਦ ਕਾਰ ਸਵਾਰ ਵਿਅਕਤੀਆਂ ਵੱਲੋਂ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਬੈਰੀਗੇਡ ’ਚ ਫਸ ਗਈ, ਜਿਸ ’ਚ ਕਾਰ ਦਾ ਪਿਛਲਾ ਸ਼ੀਸ਼ਾ ਵੀ ਟੁੱਟ ਗਿਆ। ਕਾਰ ਸਵਾਰ ਕਾਰ ਨੂੰ ਛੱਡ ਕੇ ਫਰਾਰ ਹੋਣ ਲੱਗੇ, ਜਿਸ ’ਤੇ ਪੁਲਸ ਵੱਲੋਂ ਉਕਤ ਵਿਅਕਤੀਆਂ ਦਾ ਪਿੱਛਾ ਕਰਕੇ ਦੋ ਵਿਅਕਤੀਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਦਕਿ ਤੀਸਰਾ ਵਿਅਕਤੀ ਫਰਾਰ ਹੋਣ ’ਚ ਸਫਲ ਹੋ ਗਿਆ। ਪੁਲਸ ਪਾਰਟੀ ਵੱਲੋਂ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ’ਚੋਂ 1150 ਨਸ਼ੇ ਵਾਲੀਅਾਂ ਸ਼ੀਸ਼ੀਆਂ ਬਰਾਮਦ ਹੋਈਆਂ।
ਪੁਲਸ ਨੇ ਨਰਿੰਦਰ ਸਿੰਘ ਉਰਫ ਕਾਲੂ ਪੁੱਤਰ ਅਰਜੁਨ ਸਿੰਘ ਵਾਸੀ ਲੱਖੋਵਾਲੀ ਜ਼ਿਲਾ ਹਨੂਮਾਨਗੜ੍ਹ (ਰਾਜਸਥਾਨ), ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਠਿੰਡਾ ਹਾਲ ਅਾਬਾਦ ਰਾਵਤਸਰ (ਰਾਜਸਥਾਨ) ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਹੈ। ਜਦਕਿ ਫਰਾਰ ਹੋਣ ਵਾਲੇ ਵਿਅਕਤੀ ਦੀ ਪਛਾਣ ਇੰਦਰਾਜ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਲੱਖੋਵਾਲੀ ਜ਼ਿਲਾ ਹਨੂਮਾਨਗੜ੍ਹ (ਰਾਜਸਥਾਨ) ਦੀ ਗ੍ਰਿਫਤਾਰੀ ਲਈ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਗੁਰਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਬਠਿੰਡਾ ਜ਼ਿਲੇ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਖ਼ੇਪ ਹੈ। ਇਸ ਤੋਂ ਪਹਿਲਾਂ ਇੰਨੀ ਵੱਡੀ ਮਾਤਰਾ ’ਚ ਪੂਰੇ ਜ਼ਿਲੇ ’ਚੋਂ ਨਸ਼ੀਲੇ ਪਦਾਰਥ ਨਹੀਂ ਫੜੇ ਗਏ। ਫੜੇ ਗਏ ਦੋਸ਼ੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਵੱਲੋਂ ਸ਼ੀਸ਼ੀਆਂ ਦੀ ਡਲਿਵਰੀ ਬਠਿੰਡਾ ਦੇ ਮਾਡਲ ਟਾਊਨ ’ਚ ਹੀ ਕਰਨੀ ਸੀ ਪਰ ਜਿਸ ਵਿਅਕਤੀ ਨੂੰ ਇਹ ਡਲਿਵਰੀ ਕਰਨੀ ਸੀ ਮੁਲਜ਼ਮਾਂ ਕੋਲ ਉਨ੍ਹਾਂ ਦਾ ਕੋਈ ਫੋਨ ਨੰ. ਜਾ ਪਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਦਾ ਅਦਾਲਤ ’ਚੋਂ ਰਿਮਾਂਡ ਹਾਸਲ ਕਰ ਕੇ ਡਲਿਵਰੀ ਮੈਨ ਦਾ ਪਤਾ ਕੀਤਾ ਜਾਵੇਗਾ।
ਖੇਪ ਪਹੁੰਚਾਉਣ ਲਈ ਮਿਲੇ ਸਨ 30 ਹਜ਼ਾਰ ਰੁਪਏ, ਇਕ ਮਹੀਨੇ ’ਚ 22 ਨਸ਼ਾ ਸਮੱਗਲਰਾਂ ’ਤੇ ਕੇਸ ਦਰਜ
ਫੜੇ ਗਏ ਮੁਲਜ਼ਮਾਂ ਨੇ ਮੰਨਿਆ ਕਿ ਰਾਵਤਸਰ ਦੇ ਜੇ. ਪੀ. ਨਾਂ ਦੇ ਵਿਅਕਤੀ ਵੱਲੋਂ ਉਨ੍ਹਾਂ ਨੂੰ ਬਠਿੰਡਾ ਖੇਪ ਪਹੁੰਚਣ ਲਈ 30 ਹਜ਼ਾਰ ਰੁਪਏ ਦਿੱਤੇ ਸਨ, ਜਿਸ ਕਾਰਨ ਉਨ੍ਹਾਂ ਲਾਲਚ ’ਚ ਆ ਕੇ ਇਹ ਕੰਮ ਕੀਤਾ। ਥਾਣਾ ਮੁਖੀ ਗੁਰਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੂਬੇ ’ਚੋਂ ਨਸ਼ਿਅਾਂ ਦੇ ਵੱਗ ਰਹੇ ਹੜ੍ਹ ਨੂੰ ਠੱਲ੍ਹ ਪਾਉਣ ਲਈ ਸੰਗਤ ਪੁਲਸ ਵੱਲੋਂ ਜੂਨ ਮਹੀਨੇ ’ਚ ਨਸ਼ੇ ਦੇ ਸੌਦਾਗਰਾਂ ਵਿਰੁੱਧ 22 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਮਾਮਲਿਆਂ ’ਚ 1152 ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ ਬੋਤਲਾਂ, 5 ਲੀਟਰ ਨਾਜਾਇਜ਼ ਸ਼ਰਾਬ, 45 ਕਿੱਲੋ ਭੁੱਕੀ, 11140 ਨਸ਼ੀਲੀਆਂ ਗੋਲੀਆਂ, 6 ਗ੍ਰਾਮ ਚਿੱਟਾ ਅਤੇ 1164 ਨਸ਼ੇ ਵਾਲੀਅਾਂ ਸ਼ੀਸ਼ੀਆਂ ਦੀ ਬਰਾਮਦਗੀ ਕੀਤੀ ਗਈ ਹੈ।
