ਬੈਂਕਾਂ 'ਚ ਡਕੈਤੀ ਕਰਨ ਵਾਲੇ 2 ਗ੍ਰਿਫਤਾਰ

Wednesday, Dec 20, 2017 - 06:56 AM (IST)

ਬੈਂਕਾਂ 'ਚ ਡਕੈਤੀ ਕਰਨ ਵਾਲੇ 2 ਗ੍ਰਿਫਤਾਰ

ਤਰਨਤਾਰਨ, (ਰਾਜੂ, ਬਲਵਿੰਦਰ ਕੌਰ)- ਜ਼ਿਲਾ ਤਰਨਤਾਰਨ ਦੀ ਪੁਲਸ ਨੇ 3 ਦਿਨ ਪਹਿਲਾਂ ਨੌਰੰਗਾਬਾਦ ਪਿੰਡ ਦੀ ਬੈਂਕ 'ਚ ਲੁਟੇਰਿਆਂ ਵੱਲੋਂ ਮਾਰੇ ਗਏ ਡਾਕੇ ਦੇ ਮੁੱਖ ਦੋਸ਼ੀ ਨੂੰ ਇਕ ਔਰਤ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਦੋਸ਼ੀਆਂ ਕੋਲੋਂ ਬੈਂਕਾਂ 'ਚੋਂ ਲੁੱਟੀ ਗਈ ਰਕਮ 4.05 ਲੱਖ ਰੁਪਏ, 625 ਗ੍ਰਾਮ ਹੈਰੋਇਨ, 2 ਪਿਸਤੌਲ, 4 ਕਾਰਤੂਸ, 1800 ਨਸ਼ੀਲੀਆਂ ਗੋਲੀਆਂ ਤੇ ਡਾਕੇ ਵੇਲੇ ਵਰਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ। 
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਨੌਰੰਗਾਬਾਦ ਦੀ ਐਕਸਿਸ ਬੈਂਕ 'ਚ ਡਕੈਤੀ ਤੋਂ ਬਾਅਦ ਐੱਸ. ਪੀ. ਡੀ. ਤਿਲਕ ਰਾਜ ਦੀ ਅਗਵਾਈ 'ਚ ਇਕ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਗਈ, ਜਿਸ ਵਿਚ ਤਿੰਨ ਡੀ. ਐੱਸ. ਪੀ. ਸਤਨਾਮ ਸਿੰਘ, ਸਤਪਾਲ ਸਿੰਘ, ਏ. ਕੇ. ਅੱਤਰੀ ਅਤੇ ਇੰਸਪੈਕਟਰ ਚੰਦਰ ਲਾਲ ਭੂਸ਼ਣ, ਕੰਵਲਜੀਤ ਸਿੰਘ ਤੇ ਹਰਿਤ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ। ਟੀਮ ਵੱਲੋਂ ਇਸ ਮਾਮਲੇ ਨੂੰ ਟਰੇਸ ਕਰਦੇ ਹੋਏ ਮੁੱਖ ਦੋਸ਼ੀ ਸਿਕੰਦਰ ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗੰਡੀਵਿੰਡ ਅਤੇ ਦੂਸਰੇ ਫਰਾਰ ਹੋਏ ਦੋਸ਼ੀ ਪੰਜਾਬ ਸਿੰਘ ਦੀ ਮਾਤਾ ਰਣਬੀਰ ਕੌਰ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਮੰਨਿਆ ਕਿ ਅਸੀਂ ਜੋਬਨਜੀਤ ਸਿੰਘ ਉਰਫ ਜੋਬਨ ਤੇ ਉਸ ਦੀ ਮਾਤਾ ਜਸਵੰਤ ਕੌਰ, ਰਣਜੋਧ ਸਿੰਘ ਉਰਫ ਜੋਧਾ ਪੁੱਤਰ ਕੁਲਵਿੰਦਰ ਸਿੰਘ ਹਵੇਲੀਆਂ ਥਾਣਾ ਸਰਾਏ ਅਮਾਨਤ ਖਾਂ ਅਤੇ ਪੰਜਾਬ ਸਿੰਘ ਦੇ ਪਿਤਾ ਸਰਬਜੀਤ ਸਿੰਘ ਦੀ ਸਹਾਇਤਾ ਨਾਲ ਨੌਰੰਗਾਬਾਦ ਦੀ ਐਕਸਿਸ ਬੈਂਕ ਤੋਂ ਇਲਾਵਾ ਘੁਰਕਵਿੰਡ ਦੀ ਬੈਂਕ ਤੇ ਠੱਠੀਆਂ ਮਹੰਤਾਂ ਦੇ ਪੈਟਰੋਲ ਪੰਪ 'ਤੇ ਵੀ ਲੁੱਟ-ਖੋਹ ਕੀਤੀ ਸੀ। ਫੜੇ ਗਏ ਦੋਸ਼ੀਆਂ ਕੋਲੋਂ ਨੌਰੰਗਾਬਾਦ ਬੈਂਕ ਦੇ 3 ਲੱਖ 10 ਹਜ਼ਾਰ ਰੁਪਏ, ਘੁਰਕਵਿੰਡ ਦੀ ਬੈਂਕ ਦੇ 95 ਹਜ਼ਾਰ ਤੋਂ ਇਲਾਵਾ 625 ਗ੍ਰਾਮ ਹੈਰੋਇਨ, ਜਿਸ ਦੀ ਕੀਮਤ ਸਵਾ ਤਿੰਨ ਕਰੋੜ ਹੈ, 2 ਪਿਸਤੌਲ, 4 ਕਾਰਤੂਸ, 1800 ਨਸ਼ੀਲੀਆਂ ਗੋਲੀਆਂ ਤੇ ਇਕ ਕਾਰ ਬਰਾਮਦ ਕੀਤੀ ਗਈ। ਬਾਕੀ ਭਗੌੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਫੜੇ ਗਏ ਦੋਸ਼ੀ ਅਤੇ ਨਾਮਜ਼ਦ ਵਿਅਕਤੀਆਂ ਖਿਲਾਫ ਪਹਿਲਾਂ ਹੀ ਕਈ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ।


Related News