ਮੋਗਾ ਬੋਗਸ ਅਸਲਾ ਲਾਇਸੈਂਸ ਸਕੈਂਡਲ: ‘ਜਗ ਬਾਣੀ’ ਦੇ ਖ਼ੁਲਾਸੇ ਮਗਰੋਂ 2 ਮੁਲਜ਼ਮ ਗ੍ਰਿਫ਼ਤਾਰ, ਮਾਸਟਰ ਮਾਈਂਡ ਫ਼ਰਾਰ
Thursday, Jul 20, 2023 - 08:29 PM (IST)
ਮੋਗਾ (ਅਜ਼ਾਦ, ਗੋਪੀ ਰਾਊਕੇ): ਮੋਗਾ ’ਚ ਵੱਡਾ ਅਸਲਾ ਲਾਇਸੈਂਸ ਸਕੈਂਡਲ ਬੇਪਰਦ ਹੋਇਆ ਹੈ। ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਖੜ੍ਹਾ ਕਰਨ ਵਾਲੇ ਇਸ ਮਾਮਲੇ ਨੂੰ ਬੀਤੇ ਦਿਨੀਂ ‘ਜਗ ਬਾਣੀ’ ਵੱਲੋਂ ਪ੍ਰਮੁੱਖਤਾ ਨਾਲ ਬੇਪਰਦ ਕਰਨ ਮਗਰੋਂ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਏ ਕੈਬਨਿਟ ਮੰਤਰੀ ਕਟਾਰੂਚੱਕ, ਕੀਤਾ ਇਹ ਐਲਾਨ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਦੇ ਮੁੱਖ ਅਫ਼ਸਰ ਡੀ.ਐੱਸ.ਪੀ ਆਤਿਸ਼ ਭਾਟੀਆ ਨੇ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਣੀਆ ਨਿਵਾਸੀ ਨੌਜਵਾਨ ਬੂਟਾ ਸਿੰਘ ਪੁੱਤਰ ਅਜਾਇਬ ਸਿੰਘ ਸੇਵਾ ਕੇਂਦਰ ਦੇ ਦੋ ਮੁਲਾਜ਼ਮਾਂ ਗੁਰਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਨਾਲ ਮਿਲ ਕੇ ਕਥਿਤ ਤੌਰ ’ਤੇ ਪਹਿਲਾਂ ਜਾਅਲੀ ਦਸਤਾਵੇਜ਼ ਤਿਆਰ ਕਰਦਾ ਹੈ ਅਤੇ ਫ਼ਿਰ ਇਸ ਵੱਲੋਂ ਕੰਪਿਊਟਰ ’ਤੇ ਫੋਟੋਸ਼ਾਪ ਰਾਹੀਂ ਐਡਿਟ ਕਰ ਕੇ ਅਸਲਾ ਲਾਇਸੈਂਸ ਬਣਾਏ ਜਾਂਦੇ ਹਨ। ਡੀ.ਐੱਸ.ਪੀ ਭਾਟੀਆ ਨੇ ਕਿਹਾ ਕਿ ਜਦੋਂ ਪੁਲਸ ਨੇ ਇਸ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਤਾਂ ਸੂਚਨਾ ਦੇ ਆਧਾਰ 'ਤੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਗੁਰਪ੍ਰੀਤ ਸਿੰਘ ਅਤੇ ਪ੍ਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਮਾਮਲੇ ਦਾ ਮਾਸਟਰ ਮਾਈਂਡ ਬੂਟਾ ਸਿੰਘ ਹਾਲੇ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਵਿਰੁੱਧ ਧੋਖਾਧੜੀ ਅਤੇ ਜਾਅਲੀ ਦਸਤਾਵੇਜ਼ ਬਣਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 8 ਬੋਗਸ ਅਸਲਾ ਲਾਇਸੈਂਸ ਵੀ ਬਰਾਮਦ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ - ਜਾਅਲੀ SC ਸਰਟੀਫਿਕੇਟਾਂ ਵਿਰੁੱਧ ਸਖ਼ਤ ਹੋਈ ਪੰਜਾਬ ਸਰਕਾਰ, ਕੈਬਨਿਟ ਮੰਤਰੀ ਵੱਲੋਂ ਲਿਆ ਗਿਆ ਐਕਸ਼ਨ
ਡੀ.ਐੱਸ.ਪੀ. ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇੰਨ੍ਹਾਂ ਮੁਲਜ਼ਮਾਂ ਵੱਲੋਂ ਵੱਖ-ਵੱਖ ਲੋਕਾਂ ਨੂੰ ਆਪਣੇ ਝਾਂਸੇ ਵਿਚ ਲੈ ਕੇ 40 ਤੋਂ 50 ਹਜ਼ਾਰ ਰੁਪਏ ਲੈ ਕੇ ਅਸਲਾ ਲਾਇਸੈਂਸ ਬਣਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰ ਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੁਣ ਤਕ ਆਖਿਰਕਾਰ ਕਿੰਨ੍ਹੇ ਲੋਕ ਇੰਨ੍ਹਾਂ ਦੇ ਝਾਂਸੇ ਵਿਚ ਆ ਚੁੱਕੇ ਹਨ। ‘ਜਗ ਬਾਣੀ’ ਕੋਲ ਅਸਲਾ ਲਾਇਸੈਂਸ ਦੀਆਂ ਕਾਪੀਆਂ ਵੀ ਹਨ ਜਿਹੜੇ ਅਸਲਾ ਲਾਇਸੈਂਸ ਬੋਗਸ ਸਨ, ਪਰੰਤੂ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਇੰਨ੍ਹਾਂ ਨੂੰ ਬਿਲਕੁਲ ਹੀ ਅਸਲ ਅਸਲਾ ਲਾਇਸੈਂਸ ਵਰਗਾ ਬਣਾ ਦਿੱਤਾ ਜਾਂਦਾ ਸੀ। ਦੱਸਣਾ ਬਣਦਾ ਹੈ ਕਿ ਇਹ ਭੇਦ ਉਦੋਂ ਖੁੱਲ੍ਹਿਆ ਜਦੋਂ ਇਕ ਅਸਲਾ ਲਾਇਸੈਂਸ ਧਾਰਕ ਜ਼ਿਲ੍ਹਾ ਅਸਲਾ ਸ਼ਾਖਾ ਵਿਖੇ ਆਪਣਾ ਲਾਇਸੈਂਸ ਐਡੀਸ਼ਨ ਕਰਵਾਉਣ ਗਿਆ ਤਾਂ ਸਬੰਧਤ ਅਸਲਾ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਇਹ ਸ਼ੱਕ ਪੈ ਗਿਆ ਕਿ ਇਹ ਅਸਲਾ ਲਾਇਸੈਂਸ ਕਥਿਤ ਤੌਰ ’ਤੇ ਬੋਗਸ ਹੈ ਅਤੇ ਇਸ ਮਗਰੋਂ ਹੀ ਜ਼ਿਲ੍ਹਾ ਪੁਲਸ ਵੱਲੋਂ ਇਸ ਸੰਗੀਨ ਮਾਮਲੇ ਦੀ ਪੜਤਾਲ ਆਰੰਭੀ ਗਈ ਸੀ, ਪਰੰਤੂ ਮਾਮਲਾ ਮੀਡੀਆ ਵਿਚ ਆਉਣ ਮਗਰੋਂ ਤੁਰੰਤ ਕਾਰਵਾਈ ਕਰਦਿਆਂ ਪੁਲਸ ਵੱਲੋਂ ਮਾਮਲਾ ਦਰਜ਼ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8