ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੇ ਸਹਾਇਕ RTA ਸਣੇ 2 ਕਾਬੂ
Sunday, Dec 05, 2021 - 04:27 PM (IST)
ਫ਼ਰੀਦਕੋਟ (ਰਾਜਨ)-ਲੱਖਾਂ ਦੀ ਰਿਸ਼ਵਤ ਲੈ ਕੇ ਹੈਵੀ ਵ੍ਹੀਕਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੋਂ ਇਲਾਵਾ ਬਾਹਰੀ ਸੂਬਿਆਂ ’ਚ ਰਜਿਸਟਰਡ ਵ੍ਹੀਕਲਾਂ ਦੀ ਬਿਨਾਂ ਕਿਸੇ ਐੱਨ. ਓ. ਸੀ. ਦੇ ਰਜਿਸਟ੍ਰੇਸ਼ਨ ਨੰਬਰ ਜਾਰੀ ਕਰ ਕੇ ਸਰਕਾਰ ਨੂੰ 17, 22,795 ਰੁਪਏ ਦਾ ਚੂਨਾ ਲਾਉਣ ਵਾਲੇ ਗੁਰਨਾਮ ਸਿੰਘ ਸਹਾਇਕ ਆਰ. ਟੀ. ਏ ਫ਼ਰੀਦਕੋਟ ਅਤੇ ਅੰਮ੍ਰਿਤਪਾਲ ਸਿੰਘ ਜੂਨੀਅਰ ਸਹਾਇਕ ਨੂੰ ਸਥਾਨਕ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਵੇਰਵਾ ਦਿੰਦਿਆਂ ਰਾਜ ਕੁਮਾਰ ਡੀ. ਐੱਸ. ਪੀ. ਵਿਜੀਲੈਂਸ ਬਿਊਰੋ ਫ਼ਰੀਦਕੋਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਸਿਧਾਰਥ ਚਟੋਪਾਧਿਆਏ ਅਤੇ ਲਖਬੀਰ ਸਿੰਘ ਸੀਨੀਅਰ ਕਪਤਾਨ ਪੁਲਸ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ ’ਤੇ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਵਿਰੁੱਧ ਸ਼ਿਕਾਇਤ ਨੰਬਰ 37/2019, 81/2019 ਅਤੇ 106/2019 ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦੀ ਪੜਤਾਲ ਕਰਨ ’ਤੇ ਇਹ ਤੱਥ ਸਾਹਮਣੇ ਆਏ ਕਿ ਉਕਤ ਦੋਵਾਂ ਮੁਲਜ਼ਮਾਂ ਨੇ ਫ਼ਰੀਦਕੋਟ ਵਿਖੇ ਤਾਇਨਾਤੀ ਦੌਰਾਨ ਮੰਦਭਾਵਨਾ ਨਾਲ ਸਰਕਾਰੀ ਰਿਕਾਰਡ ’ਚ ਜਾਅਲੀ ਇੰਦਰਾਜ ਕਰਕੇ ਵ੍ਹੀਕਲਾਂ ਦੀ ਰਜਿਸਟ੍ਰੇਸ਼ਨ ਅਤੇ ਹੈਵੀ ਵ੍ਹੀਕਲਾਂ ਦੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਹਾਸਿਲ ਕੀਤੀ।
ਇਹ ਵੀ ਪੜ੍ਹੋ : ਇਟਲੀ ’ਚ ਪੰਜਾਬਣ ਧੀ ਨੇ ਵਧਾਇਆ ਮਾਣ, ਪੜ੍ਹਾਈ ’ਚੋਂ ਅੱਵਲ ਆ ਕੇ ਜਿੱਤੀ 6 ਲੱਖ ਤੋਂ ਵੱਧ ਦੀ ਸਕਾਲਰਸ਼ਿਪ
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ 183 ਉਨ੍ਹਾਂ ਵਿਅਕਤੀਆਂ, ਜਿਨ੍ਹਾਂ ਕੋਲ ਪਹਿਲਾਂ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਸਨ, ਕੋਲੋਂ 25 ਤੋਂ 30 ਹਜ਼ਾਰ ਪ੍ਰਤੀ ਲਾਇਸੈਂਸ ਦੇ ਹਿਸਾਬ ਨਾਲ ਰਿਸ਼ਵਤ ਲੈ ਕੇ ਉਨ੍ਹਾਂ ਦੇ ਹੈਵੀ ਡਰਾਈਵਿੰਗ ਲਾਇਸੈਂਸ ਬਣਾ ਕੇ ਦਿੱਤੇ। ਉਨ੍ਹਾਂ ਦੱਸਿਆ ਕਿ ਪੜਤਾਲ ਸਮੇਂ ਇਹ ਵੀ ਤੱਥ ਸਾਹਮਣੇ ਆਏ ਕਿ ਰਜਿਸਟ੍ਰੇਸ਼ਨ ਨੰਬਰ ਪੀ. ਬੀ. 04-ਵੀ-9801 ਤੋਂ 9900 ਅਤੇ ਪੀ. ਬੀ. 04-ਜ਼ੈੱਡ-9500 ਤੋਂ 9900 ਤੱਕ ਕੁਲ 57 ਵ੍ਹੀਕਲ ਜੋ ਪਹਿਲਾਂ ਬਾਹਰੀ ਸੂਬਿਆਂ ’ਚ ਰਜਿਸਟਰਡ ਹਨ, ਨੂੰ ਬਿਨਾਂ ਕਿਸੇ ਐੱਨ. ਓ. ਸੀ. ਦੇ ਮੋਟੀ ਰਿਸ਼ਵਤ ਲੈ ਕੇ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੇ ਮਿਲੀਭੁਗਤ ਨਾਲ 183 ਹੈਵੀ ਵ੍ਹੀਕਲ ਡਰਾਈਵਿੰਗ ਲਾਇਸੈਂਸ ਬਣਾ ਕੇ 6,36,840 ਰੁਪਏ ਅਤੇ 57 ਵ੍ਹੀਕਲਾਂ ਦੀ ਰਜਿਸਟ੍ਰੇਸ਼ਨ ਜਾਰੀ ਕਰਕੇ 10, 85,000 ਰੁਪਏ ਰਿਸ਼ਵਤ ਲੈ ਕੇ ਸਰਕਰ ਨੂੰ ਕੁਲ 17,22,795 ਦਾ ਚੂਨਾ ਲਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਕੋਲੋਂ ਹੋਰ ਵੀ ਪੁੱਛਗਿੱਛ ਜਾਰੀ ਹੈ।