ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ 2 ਮੁਲਜ਼ਮਾਂ ਨੂੰ ਕੀਤਾ ਕਾਬੂ, ਮੋਟਰਸਾਈਕਲ ਤੇ 9 ਮੋਬਾਈਲ ਬਰਾਮਦ
Monday, Apr 28, 2025 - 09:03 AM (IST)

ਲੁਧਿਆਣਾ (ਅਨਿਲ, ਸ਼ਿਵਮ) : ਪੁਲਸ ਕਮਿਸ਼ਨਰ ਲੁਧਿਆਣਾ ਆਈ. ਪੀ. ਐੱਸ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਥਾਣਾ ਜੋਧੇਵਾਲ ਦੀ ਪੁਲਸ ਨੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜਮਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਡੀਸੀਪੀ 1 ਸਮੀਰ ਵਰਮਾ ਅਤੇ ਏਸੀਪੀ ਨਾਰਥ ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਥਾਣਾ ਜੋਧੇਵਾਲ ਦੇ ਇੰਚਾਰਜ ਇੰਸਪੈਕਟਰ ਜਸਬੀਰ ਸਿੰਘ ਦੀ ਪੁਲਸ ਟੀਮ ਨੇ ਲੁੱਟ-ਖੋਹ ਅਤੇ ਚੋਰੀ ਦੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਖਾਸ ਮੁਖ਼ਬਰ ਵੱਲੋਂ ਇਤਲਾਹ ਦਿੱਤੀ ਗਈ ਕਿ ਦੋ ਮੁਲਜ਼ਮ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਲੁਧਿਆਣਾ ਵੱਲ ਜਾ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਨਕਸਰ ਗੁਰਦੁਆਰਾ ਸਾਹਿਬ ਨੂਰਵਾਲਾ ਰੋਡ 'ਤੇ ਸਥਿਤ ਸਬਜ਼ੀ ਮੰਡੀ ਨੇੜੇ ਠੇਕੇ ਨੇੜਿਓਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਹਿਚਾਣ ਜੌਨੀ ਪੁੱਤਰ ਹਰਿੰਦਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਕਾਸਾਬਾਦ, ਹਰਪ੍ਰੀਤ ਸਿੰਘ ਵਾਸੀ ਗਣਪਤੀ ਐਨਕਲੇਵ ਨਾਨਕਸਰ ਗੁਰਦੁਆਰਾ ਸਾਹਿਬ ਨੂਰਵਾਲਾ ਰੋਡ ਵਜੋ ਹੋਈ ਹੈ।
ਇਹ ਵੀ ਪੜ੍ਹੋ : ਛੋਟਾ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ, ਘਰ ਦੀ ਤੀਜੀ ਮੰਜ਼ਿਲ ’ਤੇ ਲੱਗੀ ਅੱਗ
ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਜਦੋਂ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਐਕਟਿਵਾ ਅਤੇ ਲੋਕਾਂ ਤੋਂ ਲੁੱਟੇ ਗਏ ਵੱਖ-ਵੱਖ ਕੰਪਨੀਆਂ ਦੇ 9 ਮੋਬਾਈਲ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ, ਪੁਲਸ ਨੇ ਉਕਤ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਵਾਂ ਦੋਸ਼ੀਆਂ ਖਿਲਾਫ ਲੁੱਟ-ਖੋਹ ਅਤੇ ਚੋਰੀ ਦੇ ਕਈ ਮੁਕੱਦਮੇ ਦਰਜ : ਏਡੀਸੀਪੀ ਵਰਮਾ
ਏਡੀਸੀਪੀ 1 ਸਮੀਰ ਵਰਮਾ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਜੌਨੀ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 4, ਜਲੰਧਰ ਵਿੱਚ 16 ਜੁਲਾਈ 2018 ਨੂੰ ਲੁੱਟ-ਖੋਹ ਦਾ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਖ਼ਿਲਾਫ਼ 9 ਦਸੰਬਰ 2020 ਨੂੰ ਥਾਣਾ ਡਵੀਜ਼ਨ ਨੰਬਰ 2, ਜਲੰਧਰ ਵਿੱਚ ਲੁੱਟ-ਖੋਹ ਅਤੇ ਚੋਰੀ ਦੇ ਦੋਸ਼ ਹੇਠ ਦੂਜਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ 23 ਨਵੰਬਰ 2021 ਨੂੰ ਥਾਣਾ ਡਵੀਜ਼ਨ ਨੰਬਰ 4 ਜਲੰਧਰ ਵਿਖੇ ਲੁੱਟ-ਖੋਹ ਅਤੇ ਚੋਰੀ ਦਾ ਤੀਜਾ ਮਾਮਲਾ ਦਰਜ ਕੀਤਾ ਗਿਆ ਸੀ, ਜਦਕਿ ਮੁਲਜ਼ਮਾਂ ਵਿਰੁੱਧ 4 ਜੂਨ 2023 ਨੂੰ ਥਾਣਾ ਡਵੀਜ਼ਨ ਨੰਬਰ 3 ਵਿਖੇ ਡਕੈਤੀ ਅਤੇ ਚੋਰੀ ਦਾ ਚੌਥਾ ਮੁਕੱਦਮਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ 20 ਮਾਰਚ ਨੂੰ ਜੇਲ ਤੋਂ ਜ਼ਮਾਨਤ 'ਤੇ ਆਇਆ ਸੀ। ਦੋਸ਼ੀ ਹਰਪ੍ਰੀਤ ਸਿੰਘ ਖਿਲਾਫ ਥਾਣਾ ਜੋਧੇਵਾਲ ਵਿਖੇ 9 ਅਪ੍ਰੈਲ 2020 ਨੂੰ ਦਰਜ ਕੀਤਾ ਗਿਆ ਸੀ, ਜਿਸ ਵਿਚ 19 ਸਤੰਬਰ 2024 ਨੂੰ ਜ਼ਮਾਨਤ ਲੈ ਕੇ ਜੇਲ ਤੋਂ ਬਾਹਰ ਆਇਆ ਸੀ। ਜੇਲ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੇ ਮਿਲ ਕੇ ਫਿਰ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8