ਮਾਲ ਗੱਡੀਆਂ ਨਾ ਚੱਲਣ ਕਾਰਣ ਪੰਜਾਬ ’ਚ 2.59 ਲੱਖ ਉਦਯੋਗਿਕ ਇਕਾਈਆਂ ਪ੍ਰਭਾਵਿਤ
Thursday, Nov 05, 2020 - 12:44 AM (IST)
ਜਲੰਧਰ, (ਧਵਨ)– ਪੰਜਾਬ ਵਿਚ ਮਾਲ ਗੱਡੀਆਂ ਨਾ ਚੱਲਣ ਕਾਰਣ 2,59,799 ਉਦਯੋਗਿਕ ਇਕਾਈਆਂ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ ਇਕਾਈਆਂ ਲੁੁਧਿਆਣਾ ਵਿਚ ਸਥਿਤ ਹਨ, ਜਿਨ੍ਹਾਂ ਦੀ ਗਿਣਤੀ 95,202 ਹੈ। ਉਦਯੋਗ ਵਿਭਾਗ ਕੋਲ ਰਜਿਸਟਰਡ ਉਦਯੋਗਿਕ ਇਕਾਈਆਂ ਮਾਲਗੱਡੀਆਂ ਨਾ ਚੱਲਣ ਕਾਰਣ ਪ੍ਰਭਾਵਿਤ ਹੋ ਰਹੀਆਂ ਹਨ।
ਉਦਯੋਗ ਵਿਭਾਗ ਦੇ ਅੰਕੜਿਆਂ ਅਨੁਸਾਰ ਕੇਂਦਰੀ ਰੇਲਵੇ ਮੰਤਰਾਲਾ ਵਲੋਂ ਮਾਲਗੱਡੀਆਂ ਨੂੰ ਪੰਜਾਬ ਵਿਚ ਕਿਸਾਨ ਅੰਦੋਲਨ ਨੂੰ ਦੇਖਦਿਆਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਦਯੋਗ ਵਿਭਾਗ ਹੁਣ ਹਫਤਾਵਾਰੀ ਅੰਕੜੇ ਇਕੱਠੇ ਕਰ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਹਰ ਹਫਤੇ ਪੰਜਾਬ ਨੂੰ ਕਿੰਨਾ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਉਦਯੋਗ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਅੰਮ੍ਰਿਤਸਰ ਵਿਚ 20194, ਬਰਨਾਲਾ ਵਿਚ 2604, ਬਠਿੰਡਾ ਵਿਚ 8390, ਫਰੀਦਕੋਟ ਵਿਚ 6637, ਫਤਿਹਗੜ੍ਹ ਸਾਹਿਬ ਵਿਚ 3750, ਫਾਜ਼ਿਲਕਾ ਵਿਚ 2509, ਫਿਰੋਜ਼ਪੁਰ ਵਿਚ 4183, ਗੁਰਦਾਸਪੁਰ ਵਿਚ 8030, ਹੁਸ਼ਿਆਰਪੁਰ ਵਿਚ 10172, ਜਲੰਧਰ ਵਿਚ 18170, ਕਪੂਰਥਲਾ ਵਿਚ 11024, ਲੁਧਿਆਣਾ ਵਿਚ 95202, ਮਾਨਸਾ ਵਿਚ 5487, ਮੋਗਾ ਵਿਚ 7324, ਮੁਕਤਸਰ ਵਿਚ 3277, ਪਠਾਨਕੋਟ ਵਿਚ 4325, ਪਟਿਆਲਾ ਵਿਚ 13496, ਰੋਪੜ ਵਿਚ 2424, ਸੰਗਰੂਰ ਵਿਚ 13502, ਐੱਸ. ਏ. ਐੱਸ. ਨਗਰ ਵਿਚ 15499, ਐੱਸ. ਬੀ. ਐੱਸ. ਨਗਰ ਵਿਚ 2200 ਅਤੇ ਤਰਨਤਾਰਨ ਵਿਚ 1400 ਇਕਾਈਆਂ ਸ਼ਾਮਲ ਹਨ।
ਇਨ੍ਹਾਂ ਉਦਯੋਗਿਕ ਇਕਾਈਆਂ ਵਲੋਂ ਹੋਰ ਸੂਬਿਆਂ ਨੂੰ ਤਿਆਰ ਸਾਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਨਾਲ ਹੀ ਦੂਜੇ ਸੂਬਿਆਂ ਨੂੰ ਕੱਚੇ ਮਾਲ ਦੀ ਸਪਲਾਈ ਪੰਜਾਬ ਵਿਚ ਹੁੰਦੀ ਹੈ। ਬਰਾਮਦ ਲਈ ਕੰਟੇਨਰ ਫਸੇ ਪਏ ਹਨ। ਉਦਯੋਗ ਵਿਭਾਗ ਇਹ ਵੀ ਅੰਦਾਜ਼ਾ ਲਾ ਰਿਹਾ ਹੈ ਕਿ ਉਤਪਾਦਨ ਵਿਚ ਮਾਲਗੱਡੀਆਂ ਨਾ ਚੱਲਣ ਕਾਰਣ ਕਿੰਨਾ ਨੁਕਸਾਨ ਹੋਵੇਗਾ ਅਤੇ ਨਾਲ ਹੀ ਬਰਾਮਦ ਲਈ ਕੰਟੇਨਰ ਨਾ ਮਿਲਣ ਨਾਲ ਕਿੰਨਾ ਨੁਕਸਾਨ ਹੋਵੇਗਾ।
ਪੰਜਾਬ ਦੇ ਸੰਸਦ ਮੈਂਬਰਾਂ ਦੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨਾਲ ਮੀਟਿੰਗ ਅੱਜ
ਕੇਂਦਰੀ ਰੇਲਵੇ ਮੰਤਰੀ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਮਾਲਗੱਡੀਆਂ ਨਾ ਚੱਲਣ ਦੇ ਵਿਸ਼ੇ ’ਤੇ ਚਰਚਾ ਕਰਨ ਲਈ ਕੱਲ ਮੀਟਿੰਗ ਕਰਨ ਲਈ ਸੱਦ ਲਿਆ ਹੈ। ਸੰਸਦ ਮੈਂਬਰਾਂ ਵਲੋਂ ਇਸ ਮੀਟਿੰਗ ਵਿਚ ਰੇਲਵੇ ਮੰਤਰੀ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ ਜਾਵੇਗਾ।