ਕੋਰੋਨਾ : ਬਿਨਾਂ ਸੇਫਟੀ ਰੋਜ਼ਾਨਾ 2 ਲੱਖ ਲੋਕਾਂ ਦੇ ਸੰਪਰਕ ''ਚ ਪ੍ਰਸ਼ਾਸਨ ਦੇ 1800 ਕਰਮਚਾਰੀ
Thursday, Mar 19, 2020 - 10:45 AM (IST)
ਚੰਡੀਗੜ੍ਹ (ਵਿਜੈ) : ਚੰਡੀਗੜ੍ਹ ਪ੍ਰਸਾਸ਼ਨ ਇਕ ਪਾਸੇ ਤਾਂ ਕੋਰੋਨਾ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਰੋਜ਼ਾਨਾ ਨਵੇਂ-ਨਵੇਂ ਨਿਰਦੇਸ਼ ਜਾਰੀ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਆਪਣੇ ਹੀ ਕਰਮਚਾਰੀਆਂ ਲਈ ਕੋਈ ਨਿਯਮ ਤੈਅ ਨਹੀਂ ਕੀਤੇ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੇ 1800 ਡਰਾਈਵਰ ਅਤੇ ਕੰਡਕਟਰ ਪ੍ਰਸਾਸ਼ਨ ਦੇ ਆਦੇਸ਼ਾਂ ਅਨੁਸਾਰ ਰੋਜ਼ਾਨਾ ਡਿਊਟੀ ਤਾਂ ਦੇ ਰਹੇ ਹਨ, ਪਰ ਇਨ੍ਹਾਂ 'ਚੋਂ ਸਾਰਿਆਂ ਕੋਲ ਡਿਊਟੀ ਦੌਰਾਨ ਨਾ ਤਾਂ ਮਾਸਕ ਹੁੰਦੇ ਹਨ ਅਤੇ ਨਾ ਹੀ ਦਸਤਾਨੇ। ਜਗਬਾਣੀ ਨੇ ਜਦੋਂ ਵੱਖ-ਵੱਖ ਜਗ੍ਹਾ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤਾਂ ਹੈਰਾਨ ਕਰਨ ਵਾਲੇ ਦ੍ਰਿਸ਼ ਸਾਹਮਣੇ ਆਏ। ਇੱਕ ਪਾਸੇ ਤਾਂ ਪ੍ਰਸਾਸ਼ਨ ਨੇ ਸ਼ਹਿਰ 'ਚ 100 ਲੋਕਾਂ ਦੀ ਜ਼ਿਆਦਾ ਦੀ ਭੀੜ 'ਤੇ ਵੀ ਰੋਕ ਲਾ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਰੋਜ਼ਾਨਾ ਸੀ ਟੀ. ਯੂ. ਦੀਆਂ ਬੱਸਾਂ 'ਚ ਸਫਰ ਕਰਨ ਵਾਲੇ ਲਗਭਗ 1.50 ਲੱਖ ਮੁਸਾਫ਼ਰਾਂ ਦੀ ਸੁਰੱਖਿਆ ਪ੍ਰਤੀ ਜ਼ਿਆਦਾ ਗੰਭੀਰਤਾ ਨਹੀਂ ਵਿਖਾਈ ਜਾ ਰਹੀ। ਉਥੇ ਹੀ, ਦੂਜੇ ਪਾਸੇ ਖੁਦ ਕਰਮਚਾਰੀ ਵੀ ਨਾ ਸਿਰਫ਼ ਬੱਸ 'ਚ ਆਪਣੇ ਆਪ ਨੂੰ ਅਸੁਰੱਖਿਅਤ ਮੰਨ ਰਹੇ ਹਨ, ਸਗੋਂ ਬਸ ਅੱਡੇ 'ਚ ਵੀ ਬਿਨਾਂ ਦਸਤਾਨਿਆਂ ਅਤੇ ਮਾਸਕ ਦੇ ਡਿਊਟੀ ਦੇ ਰਹੇ ਹਨ, ਜਿਸ ਕਾਰਨ ਵਿਸ਼ਾਣੂ ਦਾ ਖ਼ਤਰਾ ਹੋਰੇ ਵਧ ਗਿਆ ਹੈ।
ਬੱਸਾਂ ਨੂੰ ਸਾਫ਼ ਰੱਖਣ ਤੱਕ ਸੀਮਤ ਸੀ. ਟੀ. ਯੂ.
ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਜ਼ਾਨਾ ਸਾਰੀਆਂ ਬੱਸਾਂ ਸਾਫ਼ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਸਥਿਤੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਸੀ. ਟੀ. ਯੂ. ਦੇ ਸਟਾਫ ਦੀ ਬਾਇਓਮੈਟਰਿਕ ਹਾਜ਼ਰੀ ਵੀ ਰੋਕ ਦਿੱਤੀ ਗਈ ਹੈ ਪਰ ਦੂਜੇ ਪਾਸੇ ਰੋਜ਼ਾਨਾ ਡਰਾਈਵਰਾਂ ਅਤੇ ਕੰਡਕਟਰਾਂ ਦੇ ਸੰਪਰਕ 'ਚ ਆਉਣ ਵਾਲੇ ਮੁਸਾਫ਼ਰਾਂ ਦੀ ਸੁਰੱਖਿਆ ਰਾਮ ਭਰੋਸੇ ਛੱਡ ਦਿੱਤੀ।
ਡਰ ਦੇ ਪਰਛਾਂਵੇਂ 'ਚ ਕਰਮਚਾਰੀ
ਸੀ. ਟੀ. ਯੂ. ਦੇ ਇੱਕ ਕਰਮਚਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਅਤੇ ਕੰਡਕਟਰ ਵੀ ਡਰ ਦੇ ਪਰਛਾਵੇਂ 'ਚ ਡਿਊਟੀ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਟਿਕਟ ਕੱਟਣ ਵਾਲਾ ਇਕ ਕੰਡਕਟਰ ਰੋਜ਼ਾਨਾ ਸੈਂਕੜਿਆਂ ਲੋਕਾਂ ਦੇ ਸੰਪਰਕ 'ਚ ਆਉਂਦਾ ਹੈ ਪਰ ਉਸ ਦੀ ਸੁਰੱਖਿਆ ਬਾਰੇ 'ਚ ਕੋਈ ਚਿੰਤਤ ਨਹੀਂ ਹੈ। ਮਾਰਕੀਟ 'ਚ ਦਸਤਾਨਿਆਂ, ਮਾਸਕ ਅਤੇ ਸੈਨੀਟਾਈਜਰ ਦੀ ਘਾਟ ਚੱਲ ਰਹੀ ਹੈ। ਇਸ ਲਈ ਸਾਰੇ ਕਰਮਚਾਰੀਆਂ ਕੋਲ ਇਨ੍ਹਾਂ ਸਾਰੀਆਂ ਚੀਜ਼ਾਂ ਉਪਲੱਬਧ ਨਹੀਂ ਹੈ। ਉਥੇ ਹੀ, ਨਾਮ ਨਾ ਛਾਪਣ ਦੀ ਸ਼ਰਤ 'ਤੇ ਇਕ ਕੰਡਕਟਰ ਨੇ ਦੱਸਿਆ ਕਿ ਜੇਕਰ ਅਜਿਹੀ ਹੀ ਹਾਲਤ ਅੱਗੇ ਵੀ ਰਹੀ ਤਾਂ ਕਾਫ਼ੀ ਗਿਣਤੀ 'ਚ ਕਰਮਚਾਰੀ ਵੀ ਛੁੱਟੀਆਂ ਲੈ ਲੈਣਗੇ, ਜਿਸ ਤੋਂ ਬਾਅਦ ਮੁਸਾਫ਼ਰਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੀ ਜਿੰਮੇਵਾਰੀ ਪ੍ਰਸਾਸ਼ਨ ਦੀ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਯੂਨੀਅਨ ਵਲੋਂ ਵਿਭਾਗ ਤੋਂ ਮੰਗ ਕੀਤੀ ਗਈ ਸੀ ਕਿ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਦਿੱਤੇ ਜਾਣ, ਪਰ ਹਾਲੇ ਤੱਕ ਕਿਸੇ ਵੀ ਕਰਮਚਾਰੀ ਨੂੰ ਮਾਰਕੀਟ 'ਚ ਬਹੁਤ ਮੁਸ਼ਕਿਲ ਨਾਲ ਮਿਲਣ ਵਾਲੀਆਂ ਇਹ ਸਾਰੀਆਂ ਚੀਜ਼ਾਂ ਉਪਲੱਭਧ ਨਹੀਂ ਕਰਵਾਈਆਂ ਗਈਆਂ ਹਨ। ਜਿਸ ਕਾਰਨ ਕਰਮਚਾਰੀ ਵੀ ਡਰੇ ਹੋਏ ਹਨ। ਇਸ ਲਈ ਅਸੀਂ ਛੇਤੀ ਹੀ ਇਕ ਵਾਰ ਫਿਰ ਇਸ ਮੰਗ ਨੂੰ ਅਧਿਕਾਰੀਆਂ ਸਾਹਮਣੇ ਚੁੱਕਾਂਗੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, ਪੂਰੇ ਸ਼ਹਿਰ 'ਚ ਮਚਿਆ ਹੜਕੰਪ