ਬਰਨਾਲਾ : 16 ਸਾਲਾ ਨਾਬਾਲਗ ਦੀ ਨਹਿਰ ''ਚੋਂ ਮਿਲੀ ਲਾਸ਼

07/01/2019 9:21:13 PM

ਬਰਨਾਲਾ: ਸ਼ਹਿਰ ਦੇ ਪਿੰਡ ਕੋਟਦੁਨਾ 'ਚ ਇਕ 16 ਸਾਲਾ ਨਾਬਾਲਗ, ਜਿਸ ਨੇ 29 ਜੂਨ ਨੂੰ ਨਹਿਰ 'ਚ ਛਾਲ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਪ੍ਰਸਾਸ਼ਨ ਤੇ ਪੁਲਸ ਨੇ ਪਿੰਡ ਕੋਲੋਂ ਲੰਘਦੀ ਇਕ ਨਹਿਰ 'ਚ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਿਸ ਉਪਰੰਤ ਐੱਨ. ਡੀ. ਆਰ. ਐੱਫ. ਦੀ ਟੀਮ ਵੀ ਲਗਾਤਾਰ ਆਪਣੇ ਗੋਤਾਖੋਰਾਂ ਨੂੰ ਲੈ ਕੇ ਨਾਮਦੇਵ ਦੀ ਤਲਾਸ਼ 'ਚ ਲੱਗੀ ਰਹੀ ਤੇ ਅੱਜ ਇਸ ਘਟਨਾ ਨੂੰ 3 ਦਿਨ ਬਾਅਦ ਗੋਤਾਖੋਰਾਂ ਨੇ ਪਿੰਡ ਪੰਧੇਰ ਕੋਲ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਕਰ ਲਈ। ਪੁਲਸ ਪ੍ਰਸ਼ਾਸਨ ਨੇ ਨਾਮਦੇਵ ਦੀ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ 'ਚ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਉਧਰ ਪਿੰਡ ਵਾਸੀਆਂ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਨਾਮਦੇਵ ਦੀ ਮ੍ਰਿਤਕ ਦੇਹ ਨੂੰ ਦੇਖਣ ਤੋਂ ਬਾਅਦ ਉਸ ਦੀ ਹੱਤਿਆ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਆਪਣੇ ਪਿੰਡ ਕੋਟਦੁਨਾ ਦੀ ਹੀ ਅਕੈਡਮੀ ਦੇ ਦੋ ਕਰਮਚਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਨਾਮਦੇਵ ਦੇ ਮਾਮੇ ਨੇ ਦੱਸਿਆ ਕਿ ਇਹ 16 ਸਾਲ ਦਾ ਬੱਚਾ ਇੱਕ ਗੁਰਸਿੱਖ ਤੇ ਬਹੁਤ ਹੀ ਸ਼ਰੀਫ ਬੱਚਾ ਸੀ ਤੇ ਪਿੰਡ 'ਚ ਆਪਣੇ ਨਾਨਾ-ਨਾਨੀ ਕੋਲ ਰਹਿੰਦਾ ਸੀ, ਜੋ ਕਿ ਪਿੰਡ 'ਚ ਹੀ ਗੁਰਦੁਆਰਾ ਸਾਹਿਬ ਵੱਲੋਂ ਚਲਾਈ ਜਾ ਰਹੀ ਇਕ ਅਕੈਡਮੀ 'ਚ ਪੜ੍ਹਦਾ ਸੀ। ਉਸੇ ਅਕੈਡਮੀ 'ਚ ਉਸ ਦਾ ਨਾਨਾ ਕੰਮ ਕਰਦਾ ਸੀ, ਜਿਸ ਕਾਰਨ ਨਾਮਦੇਵ ਦੀ ਫੀਸ ਨਹੀਂ ਲੱਗਦੀ ਸੀ। ਉਨ੍ਹਾਂ ਦੱਸਿਆ ਕਿ ਅਕੈਡਮੀ ਦੇ ਮੁੱਖ ਕਰਮਚਾਰੀਆਂ ਨੇ 1 ਸਾਲ ਪਹਿਲਾਂ ਨਾਮਦੇਵ ਨਾਲ ਬਦਫ਼ੈਲੀ ਕੀਤੀ ਸੀ। 
ਇਸ ਮੌਕੇ ਪਿੰਡ ਦੇ ਸਰਪੰਚ ਨੇ ਇਸ ਘਟਨਾ 'ਤੇ ਸ਼ੱਕ ਸਾਫ਼ ਕਰਦੇ ਹੋਏ ਸਪੱਸ਼ਟ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਚਸ਼ਮਦੀਦ ਗਵਾਹਾਂ ਦੀ ਗਵਾਹੀ ਪੁਲਸ ਨੇ ਲਈ ਹੈ, ਉਹ ਆਪਸ 'ਚ ਮੇਲ ਨਹੀਂ ਖਾਂਦੀ ਪਰ ਪੁਲਸ ਇਸ ਮਾਮਲੇ 'ਚ ਆਪਣੀ ਬਹੁਤ ਢਿੱਲੀ ਕਾਰਵਾਈ ਵਿਖਾ ਰਹੀ। ਪੁਲਸ ਪ੍ਰਸਾਸ਼ਨ ਨੇ ਦੱਸਿਆ ਕਿ ਨਾਮਦੇਵ ਨਾਮ ਦਾ 16 ਸਾਲ ਦਾ ਨਾਮਦੇਵ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੁਆਰਾ ਚਲਾਈ ਜਾ ਰਹੀ ਅਕੈਡਮੀ 'ਚ ਪੜ੍ਹਦਾ ਸੀ, ਜਿਸ ਨੇ 3 ਦਿਨ ਪਹਿਲਾਂ ਪਿੰਡ ਦੀ ਨਹਿਰ 'ਚ ਛਾਲ ਮਾਰ ਦਿੱਤੀ ਸੀ। ਜਿਸ ਦੀ ਅੱਜ ਮ੍ਰਿਤਕ ਦੇਹ ਬਰਾਮਦ ਹੋ ਗਈ ਹੈ। ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
 


Related News