ਪੰਜਾਬ ਦੀਆਂ 16 ਜਨਤਕ ਜੱਥੇਬੰਦੀਆਂ ਵੱਲੋਂ 22 ਨੂੰ ਰੋਸ ਮੁਜ਼ਾਹਰੇ ਕਰਨ ਦਾ ਐਲਾਨ

Monday, May 18, 2020 - 07:20 PM (IST)

ਚੰਡੀਗੜ੍ਹ, (ਰਮਨਜੀਤ)- ਟ੍ਰੇਡ ਯੂਨੀਅਨਾਂ ਵਲੋਂ 22 ਮਈ ਨੂੰ ਦੇਸ਼ ਭਰ 'ਚ ਰੋਸ ਮੁਜ਼ਾਹਰੇ ਕਰਨ ਦੇ ਸੱਦੇ ਤਹਿਤ ਪੰਜਾਬ ਦੀਆਂ 16 ਮਜ਼ਦੂਰ-ਮੁਲਾਜ਼ਮ, ਕਿਸਾਨ, ਨੌਜਵਾਨ, ਵਿਦਿਆਰਥੀ ਜੱਥੇਬੰਦੀਆਂ ਨੇ ਸੂਬੇ ਭਰ 'ਚ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਕਿਸਾਨ-ਮਜ਼ਦੂਰ ਆਗੂਆਂ ਰਾਜਵਿੰਦਰ ਸਿੰਘ, ਲਛਮਣ ਸਿੰਘ ਸੇਵੇਵਾਲਾ, ਜਗਰੂਪ ਸਿੰਘ, ਪ੍ਰਮੋਦ ਕੁਮਾਰ, ਜੋਗਿੰਦਰ ਸਿੰਘ ਉਗਰਾਹਾਂ ਅਤੇ ਕੰਵਲਪ੍ਰੀਤ ਸਿੰਘ ਪੰਨੂ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਵੱਖ-ਵੱਖ ਸੂਬਾ ਸਰਕਾਰਾਂ ਨੇ ਕੋਰੋਨਾ ਸੰਕਟ ਨੂੰ ਬਹਾਨਾ ਬਣਾ ਕੇ ਮਜ਼ਦੂਰ ਜਮਾਤ 'ਤੇ ਤਿੱਖਾ ਸਿਆਸੀ-ਆਰਥਿਕ-ਸਮਾਜਿਕ ਹਮਲਾ ਕੀਤਾ ਹੈ। ਵੱਖ-ਵੱਖ ਸੂਬਿਆਂ 'ਚ 8 ਘੰਟੇ ਦੀ ਥਾਂ 12 ਘੰਟੇ ਦਿਹਾੜੀ ਲਾਗੂ ਕਰਨ ਸਮੇਤ ਤੇ ਹੋਰ ਕਾਨੂੰਨੀ ਕਿਰਤ ਹੱਕਾਂ ਦਾ ਘਾਣ ਕੀਤਾ ਗਿਆ ਹੈ ਤੇ ਕੀਤਾ ਜਾ ਰਿਹਾ ਹੈ। ਪੰਜਾਬ 'ਚ ਵੀ 12 ਘੰਟੇ ਦਿਹਾੜੀ ਲਾਗੂ ਕਰਨ ਦੀ ਤਿਆਰੀ ਹੈ। ਭਾਜਪਾ ਦੀ ਉਤਰ ਪ੍ਰਦੇਸ਼ ਸਰਕਾਰ ਨੇ ਤਾਂ ਲਗਭਗ ਸਾਰੇ ਕਿਰਤ ਕਾਨੂੰਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਲੋੜ ਤਾਂ ਇਸਦੀ ਸੀ ਕਿ ਕਮਜ਼ੋਰ ਕਿਰਤ ਕਾਨੂੰਨਾਂ ਨੂੰ ਮਜ਼ਦੂਰਾਂ ਦੇ ਪੱਖ 'ਚ ਮਜ਼ਬੂਤ ਬਣਾਇਆ ਜਾਵੇ ਪਰ ਸਰਕਾਰਾਂ ਨਾ ਸਿਰਫ਼ ਇਨ੍ਹਾਂ ਨੂੰ ਹੋਰ ਕਮਜ਼ੋਰ ਬਣਾਉਣ 'ਤੇ ਤੁਲੀਆਂ ਸਨ ਸਗੋਂ ਹੁਣ ਤਾਂ ਖ਼ਤਮ ਹੀ ਕਰ ਰਹੀਆਂ ਹਨ। ਇਹ ਪ੍ਰਕਿਰਿਆ ਪਹਿਲਾਂ ਹੀ ਜਾਰੀ ਸੀ ਪਰ ਕੋਰੋਨਾ ਸੰਕਟ ਬਹਾਨੇ ਅਤੇ ਲਾਕਡਾਊਨ ਦਾ ਫਾਇਦਾ ਉਠਾ ਕੇ ਇਸ ਮਜ਼ਦੂਰ ਦੋਖੀ ਤੇ ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਏਜੰਡੇ ਨੂੰ ਸਿਰੇ ਚਾੜ੍ਹਿਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਸਰਕਾਰਾਂ ਨੇ ਕੋਰੋਨਾ ਸੰਕਟ ਦੇ ਹੱਲ ਲਈ ਢੁੱਕਵੇਂ ਕਦਮ ਚੁੱਕਣ ਦੀ ਥਾਂ ਇਸਨੂੰ ਹੋਰ ਵੀ ਗੰਭੀਰ ਬਣਾਇਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੀ ਥਾਂ ਸਰਕਾਰਾਂ ਦੇਸ਼ ਅਤੇ ਸੂਬੇ ਨੂੰ ਕੋਰੋਨਾ ਤੇ ਲਾਕਡਾਊਨ ਨਾਲ ਹੋਏ ਨੁਕਸਾਨ ਦਾ ਬਹਾਨਾ ਬਣਾ ਕੇ ਆਰਥਿਕ ਪੈਕੇਜ ਦੇ ਨਾਂ 'ਤੇ ਸਰਮਾਏਦਾਰਾਂ ਨੂੰ ਸਰਕਾਰੀ ਖਜ਼ਾਨਾ ਲੁਟਾ ਰਹੀਆਂ ਹਨ, ਲੋਕਾਂ 'ਤੇ ਨਵੇਂ ਟੈਕਸ ਮੜ੍ਹਨ ਦੀ ਤਿਆਰੀ ਹੈ ਤੇ ਬਿਜਲੀ ਖੇਤਰ ਸਮੇਤ ਲੋਕ ਸੇਵਾਵਾਂ ਦੇ ਅਦਾਰਿਆਂ ਦੇ ਮੁਕੰਮਲ ਨਿੱਜੀਕਰਨ ਲਈ ਠੋਸ ਕਦਮ ਚੁੱਕੇ ਗਏ ਹਨ। ਖੇਤੀ ਨੂੰ ਰਾਹਤ ਦੇ ਨਾਂ ਹੇਠ ਖੇਤੀ ਖਪਤ ਵਸਤਾਂ ਦੇ ਸਨਅਤਕਾਰਾਂ ਨੂੰ ਗੱਫੇ ਲਵਾਏ ਜਾ ਰਹੇ ਹਨ। ਦੂਜੇ ਪਾਸੇ ਲੋਕਾਂ ਨੂੰ ਕੋਰੋਨਾ ਸੰਕਟ, ਲਾਕਡਾਊਨ ਤੇ ਹੋਰ ਭਿਆਨਕ ਮੁਸੀਬਤਾਂ ਦੇ ਮੂੰਹ 'ਚ ਧੱਕ ਕੇ ਵੱਡਾ ਸਿਆਸੀ-ਆਰਥਿਕ ਹਮਲਾ ਵਿੱਢ ਦਿੱਤਾ ਹੈ। ਜੱਥੇਬੰਦੀਆਂ ਨੇ ਮਜ਼ਦੂਰ ਜਮਾਤ, ਹੋਰ ਸਭਨਾਂ ਕਿਰਤੀ ਲੋਕਾਂ ਤੇ ਜਮਹੂਰੀਅਤ ਪਸੰਦ ਲੋਕਾਂ ਨੂੰ ਹਾਕਮਾਂ ਦੇ ਇਸ ਹਮਲੇ ਖਿਲਾਫ਼ ਜ਼ੋਰਦਾਰ ਸੰਘਰਸ਼ ਅਤੇ 22 ਮਈ ਦੇ ਮੁਜ਼ਾਹਰਿਆਂ 'ਚ ਸਾਵਧਾਨੀਆਂ ਰੱਖਦਿਆਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਨ੍ਹਾਂ 16 ਜੱਥੇਬੰਦੀਆਂ 'ਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪਾਵਰਕਾਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜ਼ਿ ਨੰ 31), ਨੌਜਵਾਨ ਭਾਰਤ ਸਭਾ (ਲਲਕਾਰ), ਪੀ. ਐੱਸ. ਯੂ. (ਸ਼ਹੀਦ ਰੰਧਾਵਾ), ਨੌਜਵਾਨ ਭਾਰਤ ਸਭਾ, ਪੀ. ਐੱਸ. ਯੂ. (ਲਲਕਾਰ), ਕਾਰਖਾਨਾ ਮਜ਼ਦੂਰ ਯੂਨੀਅਨ, ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ (ਜ਼ੋਨ ਬਠਿੰਡਾ) ਅਤੇ ਪੰਜਾਬ ਰੋਡਵੇਜ/ਪਨਬਸ ਕੰਟਰੈਕਟ ਵਰਕਰਜ਼ ਸ਼ਾਮਲ ਹਨ।


Bharat Thapa

Content Editor

Related News