ਡਾਇਰੀਆ ਕਾਰਨ 17 ਸਾਲ  ਦੇ ਨੌਜਵਾਨ ਦੀ ਮੌਤ, 15 ਮਰੀਜ਼ ਆਏ ਸਾਹਮਣੇ

07/21/2018 5:53:53 AM

ਲੁਧਿਆਣਾ, (ਸਹਿਗਲ)- ਜਵੱਦੀ ਖੇਤਰ ਵਿਚ ਸਥਿਤ ਇਕ ਵਿਹਡ਼ੇ ਵਿਚ ਡਾਇਰੀਆ ਕਾਰਨ ਨੌਜਵਾਨ ਸੁਧੀਰ (17) ਦੀ ਮੌਤ ਹੋ ਗਈ। ਨੌਜਵਾਨ ਪਿਛਲੇ 3-4 ਦਿਨਾਂ ਤੋਂ ਡਾਇਰੀਆ ਤੋਂ ਪੀਡ਼ਤ ਸੀ। ਅੱਜ ਉਸ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਹਸਪਤਾਲ ਲਿਜਾਂਦੇ ਸਮੇਂ ਹੀ ਉਸ ਨੇ ਦਮ ਤੋਡ਼ ਦਿੱਤਾ। ਮ੍ਰਿਤਕ ਦੀ 18 ਸਾਲਾ ਭੈਣ ਸੁਧਾ ਦੀ ਹਾਲਤ ਵੀ ਗੰਭੀਰ ਦੱਸੀ ਜਾਂਦੀ ਹੈ।
 ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਤੋਂ ਇਲਾਕੇ ਵਿਚ ਗੰਦਾ ਪਾਣੀ ਆ ਰਿਹਾ ਹੈ ਜਿਸ ਦੀ ਸ਼ਿਕਾਇਤ ਇਲਾਕਾ ਕੌਂਸਲਰ ਅਤੇ ਨਿਗਮ ਦਫਤਰ ਵਿਚ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਖੇਤਰ ਵਿਚ 15 ਦੇ ਕਰੀਬ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 7 ਮਰੀਜ਼ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਪੁੱਜੇ। ਮਰੀਜ਼ਾਂ ’ਚ 1 ਸਾਲ ਦਾ ਬੱਚਾ ਗੋਲਡੀ ਤੇ 5 ਸਾਲਾਂ ਨਿਧੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਸਿਹਤ ਵਿਭਾਗ ਦੀ ਟੀਮ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ। ਸਿਹਤ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਗੰਦਾ ਪਾਣੀ ਆ ਰਿਹਾ ਹੈ। ਡਾ. ਰਮੇਸ਼ ਭਗਤ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੇ 4 ਸੈਂਪਲਾਂ ਨੂੰ ਜਾਂਚ ਲਈ ਲੈਬ ਭੇਜਿਆ ਗਿਆ ਹੈ ਅਤੇ ਨਿਗਮ ਅਧਿਕਾਰੀਆਂ ਨੂੰ ਇਲਾਕੇ ਵਿਚ ਸਾਫ ਪੀਣ ਵਾਲੇ ਪਾਣੀ ਦੇ ਟੈਂਕਰ ਭੇਜਣ ਨੂੰ ਕਿਹਾ ਗਿਆ ਹੈ।
ਪਾਣੀ ਗੰਦਾ ਆਉਣ ਦੀਅਾਂ 50 ਤੋਂ ਜ਼ਿਆਦਾ ਸ਼ਿਕਾਇਤਾਂ
 ਸਿਹਤ ਅਧਿਕਾਰੀਆਂ ਦੇ ਮੁਤਾਬਕ ਪਿਛਲੇ ਦਿਨਾਂ ਵਿਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਗੰਦਾ ਆਉਣ ਦੀਆਂ ਸ਼ਿਕਾਇਤਾਂ ਸਿਵਲ ਸਰਜਨ ਦਫਤਰ ਪੁੱਜੀਆਂ, ਜਿਸ ਦੀ ਸੂਚਨਾ ਨਗਰ ਨਿਗਮ ਨੂੰ ਭੇਜੀ ਗਈ। ਇਨ੍ਹਾਂ ਕਾਰਨਾਂ ਨਾਲ ਗੈਸਟ੍ਰੋ ਆਦਿ ਦੇ ਕਾਫੀ ਮਰੀਜ਼ ਵੀ ਸਾਹਮਣੇ ਆ ਰਹੇ ਹਨ।
63 ਸੈਂਪਲ ਹੋ ਚੁੱਕੇ ਹਨ ਫੇਲ
ਸਿਹਤ ਅਧਿਕਾਰੀਆਂ ਦੇ ਮੁਤਾਬਕ ਜੂਨ ਤੇ ਜੁਲਾਈ ਦੇ ਪਹਿਲੇ ਹਫਤੇ ਤੱਕ ਵੱਖ-ਵੱਖ ਇਲਾਕਿਆਂ ਤੋਂ ਪਾਣੀ ਵਿਚ ਕਲੋਰੀਨ ਜਾਂਚ  ਲਈ  ਭਰੇ ਗਏ 105 ਸੈਂਪਲਾਂ ’ਚੋਂ 63 ਸੈਂਪਲ ਫੇਲ ਹੋਏ ਹਨ। ਜਵੱਦੀ ਇਲਾਕੇ ਦੇ ਸੈਂਪਲ ਪਹਿਲਾਂ ਵੀ ਕਈ ਵਾਰ ਫੇਲ ਹੋ ਚੁੱਕੇ ਹਨ।
10 ਫੀਸਦੀ ਟਿਊਬਵੈੱਲਾਂ ’ਚ ਕਲੋਰੀਨ
 ਸ਼ਹਿਰਵਾਸੀਆਂ ਦੀ ਜਾਨ ਨੂੰ ਜੋਖਮ ਵਿਚ ਪਾਉਣ ਵਾਲੇ ਨਿਗਮ ਨੇ ਇਕ ਆਰ. ਟੀ. ਆਈ. ਦੇ ਜਵਾਬ ਵਿਚ ਕੁਝ ਦਿਨ ਪਹਿਲਾਂ ਮੰਨਿਆ ਹੈ ਕਿ ਸ਼ਹਿਰ ਦੇ 808 ਟਿਊਬਵੈੱਲਾਂ ’ਚੋਂ ਸਿਰਫ 80 ਟਿਊਬਵੈੱਲਾਂ ਵਿਚ ਕਲੋਰੀਨ ਪਾਈ ਜਾਂਦੀ ਹੈ।


Related News