ਅੰਤਰਰਾਜੀ ਵਾਹਨ ਚੋਰ ਗਿਰੋਹ ਬੇਪਰਦ, 4 ਕਾਬੂ, 15 ਲਗਜ਼ਰੀ ਕਾਰਾਂ ਬਰਾਮਦ, ਦੇਖੋ ਵੀਡੀਓ
Friday, Sep 23, 2022 - 05:29 AM (IST)
ਅੰਮ੍ਰਿਤਸਰ/ਚੌਕ ਮਹਿਤਾ (ਅਰੁਣ/ਜ.ਬ./ਕੈਪਟਨ) : ਦਿਹਾਤੀ ਪੁਲਸ ਵੱਲੋਂ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ 'ਚੋਂ 2 ਹਿਸਟਰੀ ਸੀਟਰ ਦੱਸੇ ਜਾ ਰਹੇ ਹਨ। ਗਿਰੋਹ ਦੇ ਇਨ੍ਹਾਂ ਮੈਂਬਰਾਂ ਕੋਲੋਂ 15 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਸ ਗਿਰੋਹ ਦੇ ਮੈਂਬਰ ਪੰਜਾਬ, ਹਰਿਆਣਾ ਦਿੱਲੀ ਅਤੇ ਯੂ. ਪੀ. ਦੇ ਵੱਖ-ਵੱਖ ਸ਼ਹਿਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਗਿਰੋਹ ਦੇ ਮੈਂਬਰਾਂ ਕੋਲੋਂ ਪਹਿਲਾਂ ਵੀ 24 ਹਾਈ ਐਂਡ ਕਾਰਾਂ ਬਰਾਮਦ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਕਿਸਾਨਾਂ ਨੇ ਰੇਲਵੇ ਟ੍ਰੈਕ ਕੀਤਾ ਜਾਮ, ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਐੱਸ.ਐੱਸ.ਪੀ. ਸ਼ਰਮਾ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਮਾਸਟਰ ਚਾਬੀ ਅਤੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ ਜਾਅਲੀ ਦਸਤਾਵੇਜ਼ਾਂ ਤੇ ਨੰਬਰ ਪਲੇਟਾਂ ਦੀ ਵਰਤੋਂ ਕਰਕੇ ਚੋਰੀ ਕੀਤੇ ਵਾਹਨ ਸੂਬੇ ਦੇ ਸਰਹੱਦੀ ਇਲਾਕਿਆਂ 'ਚ ਵੇਚ ਦਿੰਦੇ ਸਨ। ਐੱਸ.ਐੱਸ.ਪੀ. ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਗਿਰੋਹ ਦੀਆਂ ਕਾਰਵਾਈਆਂ ਥਾਣਾ ਮਹਿਤਾ ਵਿਚ ਇਕ ਚੋਰੀ ਦੇ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਈਆਂ। ਪੁਲਸ ਇਸ ਗਿਰੋਹ ਨਾਲ ਜੁੜੇ ਵੱਖ-ਵੱਖ ਰਾਜਾਂ ਦੇ 11 ਮੈਂਬਰਾਂ ਦੀ ਸ਼ਨਾਖਤ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਮੈਂਬਰ ਨਿਸ਼ਾਨ ਸਿੰਘ ਮਿੱਠੂ ਤੇ ਹਰਪ੍ਰੀਤ ਸਿੰਘ ਹਨੀ ਖਿਲਾਫ਼ ਲੁੱਟ-ਖੋਹ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੇ 8 ਕੇਸ ਦਰਜ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ ਇਲਾਕੇ ਵਿੱਚ ਲੁੱਟ-ਖੋਹ ਦੀਆਂ 7 ਅਣਪਛਾਤੀਆਂ ਵਾਰਦਾਤਾਂ ਨੂੰ ਬੇਪਰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ VIP ਇਲਾਕੇ 'ਚ ਧਸੀ ਸੜਕ, ਨਿਗਮ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਖੁੱਲ੍ਹੀ ਪੋਲ
ਇਹ ਦੋਵੇਂ ਮੁਲਜ਼ਮ ਜੋ ਚੋਰੀ ਦਾ ਸਾਮਾਨ ਅੰਮ੍ਰਿਤਸਰ ਸ਼ਹਿਰ ਦੇ ਅਵਤਾਰ ਸਿੰਘ ਸਨੀ ਨੂੰ ਵੇਚਦੇ ਸਨ, ਜੋ ਮਜੀਠਾ ਰੋਡ ਬਾਈਪਾਸ ਸਥਿਤ ਇਕ ਕੰਟੀਨ ਦਾ ਮਾਲਕ ਹੈ। ਦਿਹਾਤੀ ਪੁਲਸ ਮੁਖੀ ਨੇ ਦੱਸਿਆ ਕਿ ਅਵਤਾਰ ਸਿੰਘ ਵੀ 3 ਵਿਅਕਤੀਆਂ ਦੇ ਗਿਰੋਹ ਤੋਂ ਚੋਰੀ ਦੀਆਂ ਗੱਡੀਆਂ ਖਰੀਦਣ ਮਗਰੋਂ ਅੱਗੇ ਵੇਚਦਾ ਸੀ। ਤਿੰਨਾਂ 'ਚੋਂ ਇਕ ਮੁਲਜ਼ਮ ਕਸ਼ਮੀਰ ਪਾਲ ਬੱਬੀ ਵਾਸੀ ਅੰਮ੍ਰਿਤਸਰ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੱਬੀ ਜੋ ਕਿ ਇਕ ਵਾਹਨ ਡੀਲਰ ਹੈ, ਖ਼ਿਲਾਫ਼ ਵੀ ਅਜਿਹੇ 2 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।